ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਨਿਵਾਜ਼ੇ ਜਾਣਗੇ ਕਿਸਾਨ ਲਖਵਿੰਦਰ ਸਿੰਘ : ਫ਼ਸਲ ਉਤਪਾਦਨ ਅਤੇ ਫ਼ਸਲ ਨਾਲ ਸਬੰਧਤ ਕਿੱਤਿਆਂ ਸਬੰਧੀ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਲਖਵਿੰਦਰ ਸਿੰਘ ਪਿੰਡ ਮਨੈਲੀ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਗਾਂਹਵਧੂ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੀਏਯੂ ਦੇ ਕਿਸਾਨ ਮੇਲੇ ਦੌਰਾਨ ਪੰਜਾਬ ਦੀ ਅਗਾਂਹਵਧੂ ਤੇ ਵਿਗਿਆਨਕ ਖੇਤੀ ਨਾਲ ਜੁੜੇ ਕਿਸਾਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਹੈ। ਕਿਸਾਨ ਮੇਲੇ ਦੇ ਪਹਿਲੇ ਦਿਨ 20 ਮਾਰਚ ਨੂੰ ਉਦਘਾਟਨੀ ਸਮਾਰੋਹ ਦੌਰਾਨ ਇਹ ਇਨਾਮ ਦਿੱਤੇ ਜਾਣਗੇ।
ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਨਿਵਾਜ਼ੇ ਜਾਣਗੇ ਕਿਸਾਨ ਲਖਵਿੰਦਰ ਸਿੰਘ : ਫ਼ਸਲ ਉਤਪਾਦਨ ਅਤੇ ਫ਼ਸਲ ਨਾਲ ਸਬੰਧਤ ਕਿੱਤਿਆਂ ਸਬੰਧੀ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਲਖਵਿੰਦਰ ਸਿੰਘ ਪਿੰਡ ਮਨੈਲੀ, ਤਹਿਸੀਲ ਖਮਾਣੋਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਗਾਂਹਵਧੂ ਕਿਸਾਨ ਨੂੰ ਦਿੱਤਾ ਜਾ ਰਿਹਾ ਹੈ। ਇਹ ਕਿਸਾਨ ਆਪਣੀ 6 ਏਕੜ ਜ਼ਮੀਨ ਵਿਚ ਪਿਛਲੇ 30 ਸਾਲ ਤੋਂ ਵਿਗਿਆਨਕ ਲੀਹਾਂ ਤੇ ਖੇਤੀ ਕਰ ਰਿਹਾ ਹੈ। ਲਖਵਿੰਦਰ ਸਿੰਘ ਖੇਤੀ ਆਮਦਨ ਵਿੱਚ ਇਜ਼ਾਫ਼ਾ ਕਰਨ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਕਰ ਰਿਹਾ ਹੈ। ਕੇਵੀਕੇ ਫਤਹਿਗੜ੍ਹ ਸਾਹਿਬ ਤੋਂ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਪ੍ਰਾਪਤ ਕਰਨ ਵਾਲਾ ਲਖਵਿੰਦਰ ਵੱਡੇ ਪੱਧਰ ’ਤੇ ਘੱਟ ਲਾਗਤ ਨਾਲ ਜੈਵਿਕ ਖੁੰਬਾਂ ਅਤੇ ਕੰਪੋਸਟ ਦਾ ਉਤਪਾਦਨ ਕਰ ਰਿਹਾ ਹੈ ਤੇ ਹੋਰ ਕਿਸਾਨਾਂ ਨੂੰ ਖੁੰਬਾਂ ਦੀ ਕਾਸ਼ਤ ਸਬੰਧੀ ਸਿਖਲਾਈ ਪ੍ਰਦਾਨ ਕਰਵਾ ਰਿਹਾ ਹੈ।
ਕਿਸਾਨ ਸੁਰਜੀਤ ਸਿੰਘ ਨੂੰ ਮਿਲੇਗਾ ਸੀਆਰਆਈ ਪੰਪਸ ਪੁਰਸਕਾਰ
ਜੈਵਿਕ ਖੇਤੀ ਤਕਨੀਕਾਂ ਅਪਨਾਉਣ ਵਾਲੇ ਸਵੈ-ਕਾਸ਼ਤਕਾਰ ਕਿਸਾਨ ਲਈ ਸੀਆਰਆਈ ਪੰਪਸ ਪੁਰਸਕਾਰ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਦੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਬਿੰਬ ਨੂੰ ਚੁਣਿਆ ਗਿਆ ਹੈ। ਸੁਰਜੀਤ ਸਿੰਘ ਨੇ 2005 ਵਿਚ ਬੈਂਕ ਤੋਂ ਸੇਵਾ ਮੁਕਤੀ ਲੈ ਕੇ ਜੈਵਿਕ ਖੇਤੀ ਨਾਲ ਜੁੜਨ ਦੀ ਸਲਾਹ ਕੀਤੀ। ਉਸ ਨੇ ਬਿੰਬ ਨੈਚੂਰਲ ਫਾਰਮ ਸਥਾਪਤ ਕਰ ਕੇ ਰਸਾਇਣ ਮੁਕਤ ਖੇਤੀ ਨੂੰ ਉਤਸ਼ਾਹਤ ਕਰਨ ਦਾ ਮਨ ਬਣਾਇਆ। ਇਹ ਕਿਸਾਨ ਆਪਣੀ 15 ਏਕੜ ਜ਼ਮੀਨ ਉੱਪਰ ਜੈਵਿਕ ਤਰੀਕਿਆਂ ਨਾਲ ਖੇਤੀ ਕਰਦਾ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਫ਼ਸਲ ਵਿਗਿਆਨ ਦੀ ਐੱਮਐੱਸਸੀ ਕਰਨ ਵਾਲਾ ਇਹ ਕਿਸਾਨ ਆਪਣੇ ਰਕਬੇ ਵਿੱਚੋਂ 9 ਏਕੜ ਵਿਚ ਕਮਾਦ ਦੀ ਬਿਜਾਈ ਬੈੱਡ ਤਕਨੀਕ ਰਾਹੀਂ ਕਰਦਾ ਹੈ ਤੇ ਨਾਲ ਅੰਤਰ-ਫ਼ਸਲੀ ਵਿਧੀ ਵਿਚ ਆਲੂ, ਮਟਰ, ਹਲਦੀ, ਗਾਜਰ, ਲਸਣ, ਪਿਆਜ਼ ਅਤੇ ਰਾਜਮਾਂਹ ਦੀ ਖੇਤੀ ਕਰਦਾ ਹੈ। ਸੁਰਜੀਤ ਸਿੰਘ ਦੋ ਏਕੜ ਰਕਬੇ ਤੇ ਕੁਦਰਤੀ ਤਰੀਕਿਆਂ ਨਾਲ ਕਣਕ ਦੀ ਕਾਸ਼ਤ ਕਰਦਾ ਹੈ।
-ਕਿਸਾਨ ਜਸਵੰਤ ਸਿੰਘ ਦਾ ਮੁੱਖ ਮੰਤਰੀ ਪੁਰਸਕਾਰ ਨਾਲ ਹੋਵੇਗਾ ਸਨਮਾਨ
ਪੰਜਾਬ ਵਿਚ ਖੇਤ ਫ਼ਸਲਾਂ ਦੇ ਸਵੈ-ਕਾਸ਼ਤਕਾਰ ਲਈ ਮੁੱਖ ਮੰਤਰੀ ਪੁਰਸਕਾਰ ਜਸਵੰਤ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੂੰਦੜ ਭੈਣੀ ਦੇ 43 ਸਾਲਾ ਅਗਾਂਹਵਧੂ ਕਿਸਾਨ ਦੇ ਹਿੱਸੇ ਆਇਆ ਹੈ। ਦਸਵੀਂ ਕਰਨ ਉਪਰੰਤ 8 ਏਕੜ ਮਾਲਕੀ ਵਾਲੀ ਜ਼ਮੀਨ ਦੇ ਨਾਲ ਠੇਕੇ ਉੱਤੇ 7 ਏਕੜ ਜ਼ਮੀਨ ਲੈ ਕੇ ਇਹ ਕਿਸਾਨ, ਫ਼ਸਲ ਉਤਪਾਦਨ ਤੇ ਸਹਾਇਕ ਕਿੱਤਿਆਂ ਨੂੰ ਬੜੀ ਸਫਲਤਾ ਨਾਲ ਅੰਜਾਮ ਦੇ ਰਿਹਾ ਹੈ। ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ (ਸੰਗਰੂਰ) ਤੋਂ ਜਸਵੰਤ ਸਿੰਘ ਨੇ ਸ਼ਹਿਦ ਮੱਖੀ ਪਾਲਣ ਅਤੇ ਮੁਰਗੀ ਪਾਲਣ ਦੀ ਸਿਖਲਾਈ ਲਈ ਸੀ। ਇਹ ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰਦਾ ਹੈ। ਪੀਏਯੂ ਦੀ ਸਿਫ਼ਾਰਸ਼ ਮੁਤਾਬਕ ਪਾਣੀ ਦੀ ਬੱਚਤ ਲਈ ਖੇਤ ਵਿੱਚ ਛੋਟੇ ਕਿਆਰੇ ਪਾਉਣ ਨੂੰ ਇਸ ਨੇ ਹਮੇਸ਼ਾਂ ਤਰਜੀਹ ਦਿੱਤੀ। ਝੋਨੇ ਵਿਚ ਪਾਣੀ ਬਚਾਉਣ ਵਾਲੀਆਂ ਕਿਸਮਾਂ ਜਿਵੇਂ ਪੀਆਰ 126 ਅਤੇ ਪੂਸਾ ਬਾਸਮਤੀ 1121 ਨੂੰ ਹਮੇਸ਼ਾਂ ਤਰਜੀਹ ਦਿੱਤੀ।
-ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨੇ ਜਾਣਗੇ ਕਿਸਾਨ ਕਮਲਜੀਤ ਸਿੰਘ
ਪੰਜਾਬ ਵਿਚ ਬਾਗਬਾਨੀ ਫ਼ਸਲਾਂ ਦੇ ਸਵੈ-ਕਾਸ਼ਤਕਾਰ ਲਈ ਮੁੱਖ ਮੰਤਰੀ ਪੁਰਸਕਾਰ ਲਈ ਇਸ ਵਾਰ ਕਮਲਜੀਤ ਸਿੰਘ ਪੁੱਤਰ ਹਰਬੰਸ ਸਿੰਘ ਪਿੰਡ ਬਿਰੜਵਾਲ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਦੇ 36 ਸਾਲਾ ਅਗਾਂਹਵਧੂ ਬਾਗਬਾਨ ਦੀ ਚੋਣ ਹੋਈ। ਉਨ੍ਹਾਂ ਪਿਛਲੇ ਕੁਝ ਸਾਲਾਂ ਤੋਂ ਫ਼ਲਾਂ ਦੀ ਖੇਤੀ ਨੂੰ ਪ੍ਰਮੁੱਖਤਾ ਦਿੱਤੀ ਹੈ। ਕਣਕ-ਝੋਨੇ ਦਾ ਬਦਲ ਲੱਭ ਰਿਹਾ ਇਹ ਕਿਸਾਨ 4 ਏਕੜ ਅਮਰੂਦ ਅਤੇ 2 ਏਕੜ ਸਬਜ਼ੀ ਦੀ ਕਾਸ਼ਤ ਨਾਲ ਸ਼ੁਰੂਆਤ ਕਰਦਾ ਹੈ ਅਤੇ ਹੌਲੀ-ਹੌਲੀ 4 ਏਕੜ ਬਿਲ ਦਾ ਬਾਗ ਲਗਾਉਂਦਾ ਹੈ ਅਤੇ ਸਬਜ਼ੀ ਹੇਠ ਰਕਬੇ ਵਿਚ ਵਾਧਾ ਵੀ ਕਰ ਦਿੰਦਾ ਹੈ। ਬਾਅਦ ਵਿਚ ਕਮਲਜੀਤ ਸਿੰਘ ਨੇ ਆੜੂ ਦਾ ਬਾਗ ਲਾਇਆ। ਮੌਜੂਦਾ ਸਮੇਂ ਉਹ 23 ਏਕੜ ਰਕਬੇ ਵਿਚ ਵੱਖ-ਵੱਖ ਫ਼ਲਾਂ ਦੇ ਬਾਗ ਅਤੇ 25 ਏਕੜ ਰਕਬੇ ਵਿਚ ਸਬਜ਼ੀ ਦੀ ਖੇਤੀ ਕਰ ਰਿਹਾ ਹੈ। ਬਾਗਾਂ ਦੀ ਸਿੰਚਾਈ ਲਈ ਉਸ ਨੇ ਪੀਏਯੂ ਦੀਆਂ ਸਿਫ਼ਾਰਸ਼ਾਂ ਮੁਤਾਬਕ ਸੂਖਮ ਸਿੰਚਾਈ ਤਕਨੀਕਾਂ ਇਸਤੇਮਾਲ ਕੀਤੀਆਂ ਹਨ। ਇਸ ਤੋਂ ਇਲਾਵਾ ਫ਼ਲਾਂ ਤੇ ਸਬਜ਼ੀਆਂ ਨੂੰ ਪਾਈਆਂ ਜਾਣ ਵਾਲੀਆਂ ਖਾਦਾਂ ਤੇ ਹੋਰ ਰਸਾਇਣਾਂ ਦੀ ਵਰਤੋਂ ਤੁਪਕਾ ਸਿੰਚਾਈ ਰਾਹੀਂ ਨਾਲ ਕਰ ਰਿਹਾ ਹੈ।
ਸੀਆਰਆਈ ਪੰਪਸ ਐਵਾਰਡ ਅਗਾਂਹਵਧੂ ਕਿਸਾਨ ਸੰਦੀਪ ਨੂੰ : ਖੇਤੀ ਵਿਚ ਆਧੁਨਿਕ ਮਸ਼ੀਨਰੀ ਅਪਨਾਉਣ ਵਾਲੇ ਅਗਾਂਹਵਧੂ ਕਿਸਾਨ ਲਈ ਸੀਆਰਆਈ ਪੰਪਸ ਐਵਾਰਡ ਸੰਦੀਪ ਪੁੱਤਰ ਸੁਖਦੇਵ ਸਿੰਘ, ਪਿੰਡ ਚੱਕ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਿੱਤਾ ਜਾਵੇਗਾ। ਇਹ ਕਿਸਾਨ 7 ਏਕੜ ਆਪਣੀ ਤੇ 45 ਏਕੜ ਜ਼ਮੀਨ ਠੇਕੇ ਤੇ ਲੈ ਕੇ ਕੁੱਲ 52 ਏਕੜ ਜ਼ਮੀਨ ਤੇ ਪਿਛਲੇ 22 ਸਾਲਾਂ ਤੋਂ ਖੇਤੀ ਕਰ ਰਿਹਾ ਹੈ। ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਅਤੇ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਦੀ ਅਗਵਾਈ ਹੇਠ ਕਾਸ਼ਤ ਕੀਤੀ। ਸੰਦੀਪ ਖੇਤੀ ਲਾਗਤਾਂ ਨੂੰ ਬਚਾਉਣ ਅਤੇ ਖੇਤੀ ਕਾਰਜਾਂ ਨੂੰ ਸਮੇਂ ਸਿਰ ਨਿਪਟਾਉਣ ਹਿੱਤ ਪੈਡੀ ਟ੍ਰਾਂਸਪਲਾਂਟਰ, ਤੂੜੀ ਵਾਲੇ ਰੀਪਰ, ਰੋਟਾਵੇਟਰ, ਮਲਚਰ, ਸਟ੍ਰਾਅ ਰੀਪਰ, ਪੋਟੈਟੋ ਪਲਾਂਟਰ, ਪੋਟੈਟੋ ਡਿੱਗਰ, ਲੇਜ਼ਰ ਲੈਵਲਰ ਅਤੇ ਹੈਪੀਸੀਡਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਕਰਦਾ ਹੈ। ਇਹ ਕਿਸਾਨ ਇਸ ਮਸ਼ੀਨਰੀ ਨੂੰ ਇਲਾਕੇ ਦੇ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਕਿਰਾਏ ’ਤੇ ਚਲਾ ਕੇ ਚੋਖੀ ਆਮਦਨ ਹਾਸਲ ਕਰ ਰਿਹਾ ਹੈ। ਸੰਦੀਪ ਮਿੱਟੀ ਪਰਖ ਦੇ ਅਧਾਰ ’ਤੇ ਰਸਾਇਣਕ ਖਾਦਾਂ ਦੀ ਵਰਤੋਂ ਕਰਦਾ ਹੈ।
-ਵੈਟਰਨਰੀ ’ਵਰਸਿਟੀ ਦੇ ਪਸ਼ੂ ਪਾਲਣ ਮੇਲੇ ’ਚ ਚਾਰ ਅਗਾਂਹਵਧੂ ਕਿਸਾਨਾਂ ਨੂੰ ਭੇਟ ਕੀਤੇ ਜਾਣਗੇ ਮੁੱਖ ਮੰਤਰੀ ਪੁਰਸਕਾਰ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਅਗਾਂਹਵਧੂ ਕਿਸਾਨਾਂ ਲਈ ਇਸ ਵਰ੍ਹੇ ਦੇ ਮੁੱਖ ਮੰਤਰੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ-ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ ’ਤੇ ਵਿਕਸਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਇਨਾਮ ਵਿਚ ਨਗਦ ਇਨਾਮ ਤੋਂ ਇਲਾਵਾ ਅਗਾਂਹਵਧੂ ਕਿਸਾਨ ਨੂੰ ਸਨਮਾਨ-ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਜਾਂਦਾ ਹੈ।
-ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ’ਚ ਕਿਸਾਨ ਫਤਹਿ ਸਿੰਘ ਦੀ ਚੋਣ
ਫਤਹਿ ਸਿੰਘ ਜ਼ਿਲ੍ਹਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਮੱਝਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿਚ ਇਨਾਮ ਦਿੱਤਾ ਜਾਵੇਗਾ। ਅੱਜ ਉਨ੍ਹਾਂ ਕੋਲ 300 ਪਸ਼ੂ ਹਨ ਜਿਨ੍ਹਾਂ ਵਿੱਚੋਂ ਦੁੱਧ ਦੇਣ ਵਾਲੀਆਂ 85 ਮੱਝਾਂ 5 ਕੁਇੰਟਲ ਦੁੱਧ ਰੋਜ਼ਾਨਾ ਪੈਦਾ ਕਰ ਰਹੀਆਂ ਹਨ। ਉਹ ਸਿੱਧਾ ਖ਼ਪਤਕਾਰਾਂ ਨੂੰ ਵੀ ਦੁੱਧ ਵੇਚਦੇ ਹਨ ਤੇ ਇਸ ਦੇ ਨਾਲ ਪਨੀਰ, ਖੋਆ ਤੇ ਘਿਓ ਵੀ ਤਿਆਰ ਕਰਦੇ ਹਨ।
ਬੱਕਰੀ ਪਾਲਣ ਦੇ ਖੇਤਰ ’ਚ ਕੁਲਦੀਪ ਦੀ ੋਚਣ
ਬੱਕਰੀ ਪਾਲਣ ਦੇ ਖੇਤਰ ਵਿਚ ਅਗਾਹਵਧੂ ਕਿਸਾਨ ਕੁਲਦੀਪ ਜ਼ਿਲ੍ਹਾ, ਬਰਨਾਲਾ ਨੂੰ ਦਿੱਤਾ ਜਾਏਗਾ। 10+2 ਦੀ ਸਿੱਖਿਆ ਪ੍ਰਾਪਤ ਕੁਲਦੀਪ ਨੇ ਸੰਨ 2023 ਵਿਚ ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਸੀ। ਇਸ ਵੇਲੇ ਇਨ੍ਹਾਂ ਕੋਲ 50 ਦੇ ਕਰੀਬ ਬੱਕਰੇ, ਬੱਕਰੀਆਂ ਹਨ। ਉਨ੍ਹਾਂ ਨੇ ਬੱਕਰੀਆਂ ਦੇ ਪ੍ਰਜਨਨ ਪ੍ਰਬੰਧ ਵਿਚ ਵਿਗਿਆਨਕ ਤਰੀਕੇ ਅਪਣਾਏ ਹਨ।
ਮੱਛੀ ਪਾਲਣ ਲਈ ਨਵਜੋਤਪਾਲ ਸਿੰਘ ਨੂੰ ਮਿਲੇਗਾ ਸਨਮਾਨ :
ਮੱਛੀ ਪਾਲਣ ਦੇ ਖੇਤਰ ਵਿੱਚ ਇਹ ਸਨਮਾਨ ਨਵਜੋਤਪਾਲ ਸਿੰਘ ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਦਿੱਤਾ ਜਾਵੇਗਾ। ਪਿਛਲੇ ਛੇ ਸਾਲ ਤੋਂ ਮੱਛੀ ਪਾਲਣ ਦਾ ਕਿੱਤਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਮੱਛੀ ਫਾਰਮ ਦੀ ਉਤਪਾਦਨ ਸਮਰੱਥਾ 15 ਟਨ ਪ੍ਰਤੀ ਸਾਲ ਹੈ। ਉਹ ਮੱਝਾਂ, ਗਾਂਵਾਂ, ਮੁਰਗੀਆਂ ਤੇ ਬੱਕਰੀਆਂ ਨੂੰ ਵੀ ਪਾਲ ਰਹੇ ਹਨ ਤੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦੀ ਸੁਰੱਖਿਆ ਵਿਚ ਯੋਗਦਾਨ ਪਾ ਰਹੇ ਹਨ।
ਸੂਰ ਪਾਲਣ ਦੇ ਖੇਤਰ ’ਚ ਮੁੱਖ ਮੰਤਰੀ ਪੁਰਸਕਾਰ ਕਿਸਾਨ ਗੁਰਚਰਨ ਸਿੰਘ ਨੂੰ
ਸੂਰ ਪਾਲਣ ਦੇ ਖੇਤਰ ਵਿਚ ਮੁੱਖ ਮੰਤਰੀ ਪੁਰਸਕਾਰ ਗੁਰਚਰਨ ਸਿੰਘ ਜ਼ਿਲ੍ਹਾ ਮਾਨਸਾ ਨੂੰ ਦਿੱਤਾ ਜਾਵੇਗਾ। 2018 ਵਿਚ ਉਨ੍ਹਾਂ ਨੇ ਇਹ ਕਿੱਤਾ ਸ਼ੁਰੂ ਕੀਤਾ। ਇਸ ਵੇਲੇ ਇਨ੍ਹਾਂ ਕੋਲ 400 ਜਾਨਵਰ ਹਨ। ਇਨ੍ਹਾਂ ਦੇ ਫਾਰਮ ਤੋਂ ਹਰ ਸਾਲ 300-350 ਸੂਰਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਫਾਰਮ ’ਤੇ ਇਕ ਸੂਰੀ ਨੇ 18 ਬੱਚੇ ਦੇ ਕੇ ਰਿਕਾਰਡ ਬਣਾਇਆ ਹੈ।
----