ਪਲਾਂ 'ਚ ਉੱਜੜ ਗਿਆ ਹੱਸਦਾ-ਵੱਸਦਾ ਘਰ: ਭੀੜ ਦੇਖ ਰੁਕਿਆ ਪਤੀ, ਨੇੜੇ ਜਾ ਕੇ ਦੇਖਿਆ ਤਾਂ ਖੂਨ ਨਾਲ ਲਥਪਥ ਪਈ ਸੀ ਪਤਨੀ ਦੀ ਲਾਸ਼
ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇੱਕ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਬਲਜੀਤ ਕੌਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਤੇ ਉਸਦੀ ਜਾਨ ਨਹੀਂ ਬਚ ਸਕੀ।
Publish Date: Mon, 08 Jun 2026 01:43 PM (IST)
Updated Date: Mon, 08 Jun 2026 01:54 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ : ਘਰੋਂ ਰੋਜ਼ਾਨਾ ਦੇ ਕੰਮਾਂ ਲਈ ਨਿਕਲੇ ਜੋੜੇ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਮੁਲਾਕਾਤ ਹੋਵੇਗੀ। ਚੌਕ 'ਚ ਵਾਪਰੇ ਹਾਦਸੇ 'ਚ ਵਿਅਕਤੀ ਦੇ ਸਾਹਮਣੇ ਹੀ ਉਸ ਪਤਨੀ ਦੀ ਮੌਤ ਹੋ ਗਈ। ਇਹ ਦਰਦਨਾਕ ਮੰਜ਼ਰ ਲੁਧਿਆਣਾ ਦੇ ਪਿੰਡ ਗੋਪਾਲਪੁਰ ਦਾ ਹੈ।
ਮ੍ਰਿਤਕਾ ਦੀ ਪਛਾਣ ਬਲਜੀਤ ਕੌਰ ਉਰਫ਼ ਬਾਵੀ ਵਜੋਂ ਹੋਈ ਹੈ। ਪਰਿਵਾਰਕ ਜਾਣਕਾਰੀ ਅਨੁਸਾਰ ਬਲਜੀਤ ਕੌਰ ਘਰੋਂ ਸਬਜ਼ੀ ਖਰੀਦਣ ਲਈ ਨਿਕਲੀ ਸੀ, ਜਦਕਿ ਉਸਦਾ ਪਤੀ ਗੁਰਮੁਖ ਸਿੰਘ ਆਪਣੇ ਨਿੱਜੀ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਜਦੋਂ ਗੁਰਮੁਖ ਸਿੰਘ ਗੋਪਾਲਪੁਰ ਬੱਸ ਸਟੈਂਡ ਨੇੜੇ ਪਹੁੰਚਿਆ ਤਾਂ ਉਸਨੇ ਸੜਕ ’ਤੇ ਲੋਕਾਂ ਦੀ ਭੀੜ ਦੇਖੀ।
ਸ਼ੱਕ ਅਤੇ ਘਬਰਾਹਟ ਦੇ ਮਾਹੌਲ 'ਚ ਜਿਵੇਂ ਹੀ ਉਹ ਭੀੜ ਦੇ ਨੇੜੇ ਗਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਹਮਣੇ ਉਸਦੀ ਪਤਨੀ ਬਲਜੀਤ ਕੌਰ ਗੰਭੀਰ ਸੱਟਾਂ ਨਾਲ ਸੜਕ ’ਤੇ ਪਈ ਸੀ ਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਇਹ ਮੰਜ਼ਰ ਦੇਖ ਕੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇੱਕ ਅਣਪਛਾਤੇ ਵਾਹਨ ਚਾਲਕ ਨੇ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦਿਆਂ ਬਲਜੀਤ ਕੌਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਤੇ ਉਸਦੀ ਜਾਨ ਨਹੀਂ ਬਚ ਸਕੀ।
ਹਾਦਸੇ ਤੋਂ ਬਾਅਦ ਮੁਲਜ਼ਮ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਇੱਕ ਪਲ ਵਿੱਚ ਹੀ ਪਰਿਵਾਰ ਦੀਆਂ ਖੁਸ਼ੀਆਂ ਉਜੜ ਗਈਆਂ ਅਤੇ ਪਤੀ ਆਪਣੀ ਜੀਵਨ ਸਾਥਣ ਨੂੰ ਸਦਾ ਲਈ ਗੁਆ ਬੈਠਾ।
ਪੁਲਿਸ ਨੇ ਗੁਰਮੁਖ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਫੁਟੇਜ ਖੰਗਾਲ ਕੇ ਵਾਹਨ ਚਾਲਕ ਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।