SGPC ਨਾਲ ਟਕਰਾਅ 'ਚ ਕੁਝ ਨਹੀਂ ਨਿਕਲਣਾ, ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਨੂੰ ਦਿੱਤੀ ਸਲਾਹ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਾਤਸ਼ਾਹ ਦੇ ਅਸ਼ੀਰਵਾਦ ਸਦਕਾ ਚੁਣੀ ਹੋਈ ਜਥੇਬੰਦੀ ਹੈ। ਇਹ ਜਥੇਬੰਦੀ ਆਪਣੇ ਕਾਰਜਾਂ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਲਈ ਸਰਕਾਰ ਨੂੰ ਇਨ੍ਹਾਂ ਗੱਲਾਂ ਨੂੰ ਛੱਡ ਕੇ ਆਪਣੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
Publish Date: Fri, 02 Jan 2026 01:55 PM (IST)
Updated Date: Fri, 02 Jan 2026 02:19 PM (IST)

ਸੰਜੀਵ ਗੁਪਤਾ/ ਅਮਰਜੀਤ/ਅਕਾਲਗੜ੍ਹ ਪੰਜਾਬੀ ਜਾਗਰਣ ਜਗਰਾਉਂ/ ਰਾਏਕੋਟ :ਰਾਏਕੋਟ ਤੇ ਇਤਿਹਾਸਿਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਅਗਾਜ਼ ਮੌਕੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਐਸਜੀਪੀਸੀ ਨਾਲ ਟਕਰਾਅ ਵਿੱਚ ਕੁਝ ਨਹੀਂ ਨਿਕਲਣਾ। ਚੰਗਾ ਹੋਵੇ ਜੇ ਸਰਕਾਰ ਆਪਣੇ ਕੰਮਾਂ ਵੱਲ ਧਿਆਨ ਦੇਵੇ। ਉਨ੍ਹਾਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬੋਲਦਿਆਂ ਕਿਹਾ ਕਿ ਇਸ ਨਾਲ ਸੰਬੰਧਿਤ 16 ਅਧਿਕਾਰੀ ਪਹਿਲਾਂ ਹੀ ਬਰਖਾਸਤ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਦਖਲ ਦੇਣ ਦਾ ਮਕਸਦ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵੱਲੋਂ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਕੁਝ ਨਾ ਕਰਨ ਦੇ ਪੁੱਛੇ ਜਾਣ ਵਾਲੇ ਸਵਾਲਾਂ ਤੋਂ ਧਿਆਨ ਭਟਕਾਉਣ ਲਈ ਸਾਰਾ ਅਡੰਬਰ ਰਚਿਆ ਜਾਣਾ ਕਰਾਰ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਸਰਕਾਰ ਦੀ ਦਖਲ ਅੰਦਾਜ਼ੀ 'ਤੇ ਕਿਹਾ ਕਿ ਐਸਜੀਪੀਸੀ ਦੇ ਕੰਮਾਂ ਵਿੱਚ ਦਖਲ ਦੇਣ ਵਾਲੀ ਇਹ ਕੋਈ ਪਹਿਲੀ ਸਰਕਾਰ ਨਹੀਂ ਇਸ ਤੋਂ ਪਹਿਲਾਂ ਵੀ ਪਿਛੋਕੜ ਦੇ ਝਾਤ ਮਾਰੀਏ ਤਾਂ ਹੋਰਾਂ ਜਥੇਬੰਦੀਆਂ ਨੇ ਵੀ ਬਹੁਤ ਜ਼ੋਰ ਲਾਇਆ ਸੀ ਪਰ ਨਤੀਜਾ ਸਾਰਿਆਂ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਪਾਤਸ਼ਾਹ ਦੇ ਅਸ਼ੀਰਵਾਦ ਸਦਕਾ ਚੁਣੀ ਹੋਈ ਜਥੇਬੰਦੀ ਹੈ। ਇਹ ਜਥੇਬੰਦੀ ਆਪਣੇ ਕਾਰਜਾਂ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਲਈ ਸਰਕਾਰ ਨੂੰ ਇਨ੍ਹਾਂ ਗੱਲਾਂ ਨੂੰ ਛੱਡ ਕੇ ਆਪਣੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਫਿਰ ਵੀ ਸਰਕਾਰ ਨਹੀਂ ਹਟਣਾ ਚਾਹੁੰਦੀ ਤਾਂ ਇੱਕ ਵਾਰ ਦਖਲ ਅੰਦਾਜ਼ੀ ਕਰਨ ਵਾਲਿਆਂ ਦੇ ਪਿਛੋਕੜ ਪੁਰਾਤਨ ਇਤਿਹਾਸ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਦੇ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਲੱਗੇ ਮੀਲ ਪੱਥਰਾਂ ਦੀ ਦੁਰਦਸ਼ਾ 'ਤੇ ਬੋਲਦਿਆਂ ਕਿਹਾ ਕਿ ਐਸਜੀਪੀਸੀ ਦੇ ਇਹ ਸਾਰਾ ਮਾਮਲਾ ਧਿਆਨ ਵਿੱਚ ਹੈ ਅਤੇ ਇਸ ਦੇ ਲਈ ਜਲਦੀ ਹੀ ਬੈਠ ਕੇ ਕੋਈ ਠੋਸ ਰਣਨੀਤੀ ਉਲੀਕੀ ਜਾਵੇਗੀ।