ਮੰਡ ਦੇ ਮੁਤਾਬਕ ਨਵੰਬਰ 2025 ’ਚ ਸਿਰਸਾ ਦੇ ਮਹਿਲਾ ਥਾਣੇ ’ਤੇ ਵਿਸਫੋਟਕ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਧੀਰੂ ਨਾਮਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਧੀਰੂ ਧਮਕੀਆਂ ਦੇ ਰਿਹਾ ਹੈ ਅਤੇ ਉਸ ਕੋਲ ਵਿਸਫੋਟਕ ਹੋ ਸਕਦੇ ਹਨ, ਪਰ ਉਸ ਵੇਲੇ ਇਸ ਨੂੰ ਪੰਜਾਬ ਦਾ ਮਾਮਲਾ ਦੱਸ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਹੈਂਡ ਗ੍ਰੇਨੇਡ ਅੰਮ੍ਰਿਤਸਰ ਤੋਂ ਹਾਸਲ ਕੀਤਾ ਸੀ।
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ । ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਬੁੱਧਵਾਰ ਨੂੰ ਪਖੋਵਾਲ ਰੋਡ ’ਤੇ ਸਥਿਤ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਟੈਰੋਰਿਸਟ ਫਰੰਟ (ਆਈਏਕੇਟੀਐਫ) ਦੇ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਦੇ ਘਰ ਪਹੁੰਚੀ। ਟੀਮ ਨੇ ਕਰੀਬ ਡੇਢ ਘੰਟੇ ਤੱਕ ਮੰਡ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਗੈਂਗਸਟਰ ਸ਼ਹਜ਼ਾਦ ਭੱਟੀ ਅਤੇ ਉਸ ਦੇ ਪੰਜਾਬ ਤੇ ਹੋਰ ਸੂਬਿਆਂ ਵਿੱਚ ਸਰਗਰਮ ਸਾਥੀਆਂ ਸਬੰਧੀ ਜਾਣਕਾਰੀ ਅਤੇ ਸਬੂਤ ਇਕੱਠੇ ਕੀਤੇ।
ਮੰਡ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਐੱਨਆਈਏ ਟੀਮ ਵੱਲੋਂ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਘਰ ਆ ਰਹੇ ਹਨ। ਇਸ ਤੋਂ ਬਾਅਦ ਅਧਿਕਾਰੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਕਾਫੀ ਸਮੇਂ ਤੱਕ ਉਨ੍ਹਾਂ ਨਾਲ ਗੱਲਬਾਤ ਕੀਤੀ। ਮੰਡ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਸਾਲ 2025 ਵਿੱਚ 7, 8 ਅਤੇ 9 ਅਕਤੂਬਰ ਨੂੰ ਮੋਬਾਇਲ ਫੋਨ ’ਤੇ ਧਮਕੀਆਂ ਮਿਲੀਆਂ ਸਨ। ਫੋਨ ਕਰਨ ਵਾਲੇ ਨੇ ਆਪਣਾ ਨਾਮ ਧੀਰਜ ਉਰਫ਼ ਧੀਰੂ ਦੱਸਿਆ ਸੀ ਜੋ ਪਾਕਿਸਤਾਨੀ ਗੈਂਗਸਟਰ ਸ਼ਹਜ਼ਾਦ ਭੱਟੀ ਦਾ ਕਰੀਬੀ ਸਾਥੀ ਹੋਣ ਦਾ ਦਾਅਵਾ ਕਰ ਰਿਹਾ ਸੀ। ਉਸ ਨੇ ਕਿਹਾ ਸੀ ਕਿ ਉਹ ਅਯੋਧਿਆ ਦੇ ਸ੍ਰੀ ਰਾਮ ਮੰਦਰ ਨੂੰ ਉਡਾਉਣ ਅਤੇ ਜਲੰਧਰ ਦੇ ਪ੍ਰਾਚੀਨ ਮੰਦਰਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ ਲੁਧਿਆਣਾ ’ਚ ਮੰਡ ਦੇ ਘਰ ’ਤੇ ਹੈਂਡ ਗ੍ਰੇਨੇਡ ਸੁੱਟਣ ਦੀ ਵੀ ਧਮਕੀ ਦਿੱਤੀ ਗਈ ਸੀ। ਇਹ ਧਮਕੀਆਂ 25 ਅਕਤੂਬਰ ਤੱਕ ਮਿਲਦੀਆਂ ਰਹੀਆਂ।
ਮੰਡ ਦੇ ਮੁਤਾਬਕ ਨਵੰਬਰ 2025 ’ਚ ਸਿਰਸਾ ਦੇ ਮਹਿਲਾ ਥਾਣੇ ’ਤੇ ਵਿਸਫੋਟਕ ਨਾਲ ਹਮਲਾ ਕੀਤਾ ਗਿਆ ਸੀ ਅਤੇ ਉਸੇ ਮਾਮਲੇ ਵਿੱਚ ਹਰਿਆਣਾ ਪੁਲਿਸ ਨੇ ਧੀਰੂ ਨਾਮਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੰਡ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਹਰਿਆਣਾ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਧੀਰੂ ਧਮਕੀਆਂ ਦੇ ਰਿਹਾ ਹੈ ਅਤੇ ਉਸ ਕੋਲ ਵਿਸਫੋਟਕ ਹੋ ਸਕਦੇ ਹਨ, ਪਰ ਉਸ ਵੇਲੇ ਇਸ ਨੂੰ ਪੰਜਾਬ ਦਾ ਮਾਮਲਾ ਦੱਸ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਹੈਂਡ ਗ੍ਰੇਨੇਡ ਅੰਮ੍ਰਿਤਸਰ ਤੋਂ ਹਾਸਲ ਕੀਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਐੱਨਆਈਏ ਟੀਮ ਨੇ ਉਨ੍ਹਾਂ ਕੋਲੋਂ ਸਾਰੇ ਸਬੂਤ ਅਤੇ ਡਾਟਾ ਇਕੱਠਾ ਕਰ ਲਿਆ ਹੈ ਅਤੇ ਭਰੋਸਾ ਦਿੱਤਾ ਹੈ ਕਿ ਇਸ ਗਿਰੋਹ ਦੇ ਪੂਰੇ ਨੈੱਟਵਰਕ ਨੂੰ ਤੋੜਿਆ ਜਾਵੇਗਾ। ਉਨ੍ਹਾਂ ਦੇ ਲਿੰਕ ਅਤੇ ਸਾਥੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋਰ ਪੁੱਛਗਿੱਛ ਲਈ ਉਨ੍ਹਾਂ ਨੂੰ ਐਨਆਈਏ ਦਫ਼ਤਰ ਵਿੱਚ ਵੀ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਸਿਮਰਨ ਸਿੰਘ ਮੰਡ ਨੂੰ ਸੀਆਰਪੀਐਫ ਵੱਲੋਂ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। ਇਸ ਦੌਰਾਨ ਨਿੱਜੀ ਵਾਹਨ ਵਿੱਚ ਪਹੁੰਚੀ ਐਨਆਈਏ ਦੀ ਟੀਮ ਨੇ ਮੀਡੀਆ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਕਾਬਲੇ ਗੌਰ ਹੈ ਕਿ ਗੁਰਸਿਮਰਨ ਸਿੰਘ ਮੰਡ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰ ਚੁੱਕੇ ਹਨ, ਜਿਸ ’ਚ ਪਾਕਿਸਤਾਨੀ ਗੈਂਗਸਟਰ ਸ਼ਹਜ਼ਾਦ ਭੱਟੀ ਨੂੰ ਅੱਤਵਾਦੀ ਐਲਾਨ ਕਰਨ ਦੀ ਮੰਗ ਕੀਤੀ ਗਈ ਹੈ।