ਮਾਛੀਵਾੜਾ ਕਾਂਗਰਸ ਪ੍ਰਧਾਨ ਤਿਵਾੜੀ ਦੀ ਮੌਤ ਦਾ ਸੱਚ ਆਇਆ ਸਾਹਮਣੇ, ਅੱਧਾ ਮਰਲਾ ਪੰਚਾਇਤੀ ਜ਼ਮੀਨ ਦੇ ਵਿਵਾਦ ਕਾਰਨ ਹੋਇਆ ਕਤਲ
ਜਾਣਕਾਰੀ ਮੁਤਾਬਿਕ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਕਾਂਗਰਸ ਪੱਖੀ ਚੁਣੀ ਗਈ ਸੀ ਜਿਸ ਨੂੰ ਬਣਾਉਣ ਵਿਚ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਅਹਿਮ ਯੋਗਦਾਨ ਸੀ। ਪੰਚਾਇਤ ਚੁਣੇ ਜਾਣ ਤੋਂ ਬਾਅਦ ਤਿਵਾੜੀ, ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਜੈ ਕੁਮਾਰ ਕੋਲ ਜਿਹੜਾ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਸੀ, ਉਹ ਕਰੀਬ 15 ਗਜ਼ ਦਾ ਕਬਜ਼ਾ ਛੁਡਵਾਇਆ ਜਦਕਿ ਬਾਕੀ ’ਤੇ ਉਸ ਦਾ ਸਾਰਾ ਪਰਿਵਾਰ ਕਾਬਜ਼ ਸੀ।
Publish Date: Tue, 31 Mar 2026 11:00 AM (IST)
Updated Date: Tue, 31 Mar 2026 11:02 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਮਾਛੀਵਾੜਾ ਸਾਹਿਬ : ਐਤਵਾਰ ਸ਼ਾਮ ਪਿੰਡ ਹਾੜੀਆਂ ਵਿਖੇ ਮਾਛੀਵਾੜਾ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਬੇਰਹਿਮੀ ਨਾਲ ਕੀਤੀ ਗਈ ਕਤਲ ਘਟਨਾ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਦੀ ਪਛਾਣ ਕਰ ਲਈ ਹੈ ਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਵਿਚ ਕੇਵਲ 15 ਗਜ਼ ਦੀ ਪੰਚਾਇਤੀ ਜ਼ਮੀਨ ਦੇ ਵਿਵਾਦ ਕਾਰਨ ਮੁਲਜ਼ਮ ਵਿਜੈ ਕੁਮਾਰ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਅਤੇ ਪਰਮਿੰਦਰ ਤਿਵਾੜੀ ਨਾਲ ਰੰਜਿਸ਼ ਰੱਖਦਾ ਸੀ ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ।
ਜਾਣਕਾਰੀ ਮੁਤਾਬਿਕ ਪਿੰਡ ਤੱਖਰਾਂ-ਖੋਖਰਾਂ ਦੀ ਪੰਚਾਇਤ ਕਾਂਗਰਸ ਪੱਖੀ ਚੁਣੀ ਗਈ ਸੀ ਜਿਸ ਨੂੰ ਬਣਾਉਣ ਵਿਚ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਅਹਿਮ ਯੋਗਦਾਨ ਸੀ। ਪੰਚਾਇਤ ਚੁਣੇ ਜਾਣ ਤੋਂ ਬਾਅਦ ਤਿਵਾੜੀ, ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਵਿਜੈ ਕੁਮਾਰ ਕੋਲ ਜਿਹੜਾ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਸੀ, ਉਹ ਕਰੀਬ 15 ਗਜ਼ ਦਾ ਕਬਜ਼ਾ ਛੁਡਵਾਇਆ ਜਦਕਿ ਬਾਕੀ ’ਤੇ ਉਸ ਦਾ ਸਾਰਾ ਪਰਿਵਾਰ ਕਾਬਜ਼ ਸੀ।
ਇਸ ਸਬੰਧੀ ਮਾਮਲਾ ਮਾਛੀਵਾੜਾ ਥਾਣਾ ਵਿਖੇ ਪੁੱਜਾ ਜਿੱਥੇ ਮੁਲਜ਼ਮ ਵਿਜੈ ਕੁਮਾਰ, ਮ੍ਰਿਤਕ ਪਰਮਿੰਦਰ ਤਿਵਾੜੀ ਅਤੇ ਪੰਚਾਇਤ ਵਿਚਕਾਰ ਤਕਰਾਰਬਾਜ਼ੀ ਹੋਈ ਦੱਸੀ ਜਾ ਰਹੀ ਹੈ। ਪੰਚਾਇਤੀ ਕਬਜ਼ਾ ਹਟਾਉਣ ਤੋਂ ਬਾਅਦ ਮੁਲਜ਼ਮ ਵਿਜੈ ਕੁਮਾਰ ਨੇ ਇਸ ਸਬੰਧੀ ਅਦਾਲਤ ਵਿਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀ ਤੇ ਉਹ ਪਰਮਿੰਦਰ ਤਿਵਾੜੀ ਤੇ ਪੰਚਾਇਤ ਨਾਲ ਰੰਜਿਸ਼ ਰੱਖ ਰਿਹਾ ਸੀ।
ਅੱਜ ਇਸ ਸਬੰਧੀ ਏ.ਡੀ.ਸੀ.ਪੀ. ਜਸ਼ਨਦੀਪ ਸਿੰਘ ਗਿੱਲ ਨੇ ਖੁਲਾਸਾ ਕੀਤਾ ਕਿ ਪੰਚਾਇਤੀ ਜ਼ਮੀਨ ਦਾ ਕਬਜ਼ਾ ਹਟਾਉਣ ਦੀ ਰੰਜਿਸ਼ ਕਾਰਨ ਹੀ ਵਿਜੈ ਕੁਮਾਰ ਨੇ ਪਰਮਿੰਦਰ ਤਿਵਾੜੀ ਦਾ ਕਤਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਤਲ ਰੰਜਿਸ਼ ਕਾਰਨ ਹੋਇਆ ਜਦਕਿ ਇਸ ਪਿੱਛੇ ਕੋਈ ਹੋਰ ਵਜ੍ਹਾ ਨਹੀਂ ਹੈ। ਵਿਜੈ ਕੁਮਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।