- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੇ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ: ਪੰਜਾਬ ਸਰਕਾਰ ਦੀ ਸਖਤੀ ਦੇ ਬਾਅਦ ਮਹਾਨਗਰ ਲੁਧਿਆਣਾ ਵਿੱਚ ਨਿੱਜੀ ਸਵਾਰਥ ਲਈ ਕੁਝ ਲੋਕਾਂ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਨਾਜਾਇਜ਼ ਕਲੋਨੀਆਂ ਕੱਟਣ ਅਤੇ ਨਾਜਾਇਜ਼ ਉਸਾਰੀਆਂ ਦਾ ਕੰਮ ਪੂਰੇ ਜੌਰਾਂ ਤੇ ਚੱਲ ਰਿਹਾ ਹੈ। ਜਿਸ ਦਾ ਖੁਲਾਸਾ ਪਿਛਲੇ ਦਿਨਾਂ ਦੌਰਾਨ ਗਲਾਡਾ ਤੇ ਅੱਜ ਨਗਰ ਨਿਗਮ ਵੱਲੋਂ ਨਾਜਾਇਜ਼ ਕਲੋਨੀਆਂ ਖਿਲਾਫ ਕੀਤੀ ਕਾਰਵਾਈ ਤੋਂ ਹੋ ਰਿਹਾ ਹੈ। ਦੱਸਣਾ ਬਣਦਾ ਹੈ ਕਿ ਕੁਝ ਲੋਕਾਂ ਵੱਲੋਂ ਇਮਾਰਤੀ ਕਾਨੂੰਨ ਨੂੰ ਠੇਂਗਾਂ ਦਿਖਾਉਂਦੇ ਹੋਏ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਬਿਨਾਂ ਸੀਐਲਯੂ ਅਤੇ ਪਾਪਰਾ ਐਕਟ ਤਹਿਤ ਕਲੋਨੀਆਂ ਨੂੰ ਪਾਸ ਕਰਵਾਉਣ ਤੋਂ ਬਗੈਰ ਹੀ ਸੜਕਾਂ, ਗਲੀਆਂ ਪਾ ਕੇ ਪਲਾਟ ਕੱਟੇ ਜਾ ਰਹੇ ਹਨ। ਜਿਨ੍ਹਾਂ ਖਿਲਾਫ ਸਮੇਂ ਸਿਰ ਕਾਰਵਾਈ ਨਾ ਹੋਣ ਕਾਰਨ ਇਨ੍ਹਾਂ ਨਾਜਾਇਜ਼ ਕਲੋਨੀਆਂ ਵਿੱਚ ਗੈਰ-ਕਾਨੂੰਨੀ ਉਸਾਰੀਆਂ ਵੀ ਸ਼ੁਰੂ ਹੋ ਜਾਂਦੀਆ ਹਨ। ਜਿਸ ਤੋਂ ਬਾਅਦ ਇਨ੍ਹਾਂ ਨਾਲ ਸਬੰਧਤ ਵਿਭਾਗਾਂ ਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਅਜਿਹੀਆਂ ਕਲੋਨੀਆਂ ਖਿਲਾਫ ਕਾਰਵਾਈ ਦੀ ਯਾਦ ਆਉਂਦੀ ਹੈ।
ਨਗਰ ਨਿਗਮ ਵੱਲੋਂ ਬੁੱਧਵਾਰ ਨੂੰ ਨਗਰ ਨਿਗਮ ਜ਼ੋਨ ਡੀ ਅਧੀਨ ਆਉਂਦੇ ਇਲਾਕੇ ਬਾੜੇਵਾਲ ਵਿੱਚ ਅਜਿਹੀਆਂ ਹੀ ਤਿੰਨ ਨਾਜਾਇਜ਼ ਕਲੋਨੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਉਸਾਰੀ ਅਧੀਨ ਕਲੋਨੀਆਂ ਢਾਹ ਦਿੱਤੀਆਂ। ਅੱਜ ਨਗਰ ਨਿਗਮ ਜ਼ੋਨ ਡੀ ਦੀ ਬਿਲਡਿੰਗ ਸ਼ਾਖਾ ਵੱਲੋਂ ਸਹਾਇਕ ਟਾਊਨ ਪਲੈਨਰ (ਏਟੀਪੀ) ਹਰਵਿੰਦਰ ਸਿੰਘ ਥਾਂਦੀ ਹਨੀ ਦੀ ਅਗਵਾਈ ਵਿੱਚ ਨਾਜਾਇਜ਼ ਕਲੋਨੀਆਂ ਵਿੱਚ ਕੀਤੀਆਂ ਜਾ ਰਹੀਆਂ ਗੈਰ-ਕਾਨੂੰਨੀ ਉਸਾਰੀਆਂ 'ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਬਿਲਡਿੰਗ ਸ਼ਾਖਾ ਵੱਲੋਂ ਨਾਜਾਇਜ਼ ਕਲੋਨੀਆਂ ਵਿੱਚ ਬਣਾਈਆਂ ਸੜਕਾਂ, ਗਲੀਆਂ, ਪਾਣੀ ਸੀਵਰੇਜ ਦੀਆਂ ਲਾਈਨਾਂ ਅਤੇ ਪਲਾਟਾਂ ਵਿੱਚ ਚੱਲ ਰਹੀਆਂ ਉਸਾਰੀਆਂ ਤੇ ਜੇਸੀਬੀ ਮਸ਼ੀਨ ਦੀ ਪੀਲਾ ਪੰਜਾ ਚਲਾਇਆ।
ਕਾਰਵਾਈ ਦੌਰਾਨ ਬਿਲਡਿੰਗ ਸ਼ਾਖਾ ਵੱਲੋਂ ਸਭ ਤੋਂ ਪਹਿਲਾ ਦਲਜੀਤ ਨਗਰ ਵਿੱਚ ਬਿਨ੍ਹਾਂ ਨਗਰ ਨਿਗਮ ਦੀ ਪ੍ਰਵਾਨਗੀ ਦੇ ਉਨਤ ਕੀਤੀ ਜਾ ਰਹੀ ਗੈਰ-ਕਾਨੂੰਨੀ ਕਲੋਨੀ ਤੇ ਜੇਸੀਬੀ ਚਲਾਈ, ਜਦੋਂ ਕਿ ਬਾਅਦ ਵਿੱਚ ਨਿਊ ਅਗਰ ਨਗਰ (ਮੈਗਨੇਟ ਰਿਜ਼ੋਰਟ ਰੋਡ) ਅਤੇ ਗੋਬਿੰਦ ਨਗਰ ਵਿੱਚ ਉਨਤ ਕੀਤੀਆਂ ਜਾ ਰਹੀਆਂ ਦੋ ਨਾਜਾਇਜ਼ ਕਲੋਨੀਆਂ 'ਤੇ ਕਾਰਵਾਈ ਕੀਤੀ। ਕਾਰਵਾਈ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਟਾਊਨ ਪਲੈਨਰ (ਏਟੀਪੀ) ਹਰਵਿੰਦਰ ਸਿੰਘ ਥਾਂਦੀ ਹਨੀ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਹੁਕਮਾਂ 'ਤੇ ਕੰਮ ਕਰਦੇ ਹੋਏ, ਉਹ ਨਿਯਮਤ ਤੌਰ 'ਤੇ ਗੈਰ-ਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਲੋਨੀਆਂ ਵਿਰੁੱਧ ਕਾਰਵਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਬਿਨ੍ਹਾਂ ਨਗਰ ਨਿਗਮ ਦੀ ਪ੍ਰਵਾਨਗੀ ਦੇ ਉਨਤ ਕੀਤੀਆਂ ਜਾ ਰਹੀਆਂ ਤਿੰਨ ਗੈਰ-ਕਾਨੂੰਨੀਆਂ ਕਲੋਨੀਆਂ ਤੇ ਕਾਰਵਾਈ ਕੀਤੀ ਗਈ। ਇਸ ਦੌਰਾਨ ਨਾਜਾਇਜ਼ ਕਲੋਨੀਆਂ ਵਿੱਚ ਬਣ ਰਹੀਆਂ ਸੜਕਾਂ, ਗਲੀਆਂ, ਪਾਣੀ ਸੀਵਰੇਜ ਦੀਆਂ ਲਾਈਨਾਂ ਅਤੇ ਪਲਾਟਾਂ ਦੀਆਂ ਚਾਰਦੀਵਾਰੀਆਂ ਨੂੰ ਤੋੜਿਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੋਨੀਆਂ ਦੇ ਮਾਲਕਾਂ ਨੂੰ ਨਗਰ ਨਿਗਮ ਦੀ ਪ੍ਰਵਾਨਗੀ ਤੱਕ ਕੰਮ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਅਤੇ ਨਾਜਾਇਜ਼ ਕਲੋਨੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।