- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨ ਵਿਚ ਜਿੱਥੇ ਨੂੰਹ ਮਾਸ ਦਾ ਰਿਸ਼ਤਾ ਹੈ, ਉਥੇ ਆੜ੍ਹਤੀਆਂ ਵਰਗ ਖੁਸ਼ਹਾਲ ਹੋਵੇਗਾ ਤਾਂ ਉਸ ਨਾਲ ਜੁੜੇ ਕਈ ਵਰਗ ਦੇ ਲੱਖਾਂ ਲੋਕ ਵੀ ਕਾਮਯਾਬ ਹੋਣਗੇ ਪਰ ਸਮੇਂ ਸਮੇਂ ਸਿਰ ਕੇਂਦਰ ਸਰਕਾਰ ਨੇ ਵਪਾਰ ਵਰਗ ਦੇ ਨਾਲ ਨਾਲ ਪੰਜਾਬ ਦੇ ਆੜ੍ਹਤੀਆਂ ਨੂੰ ਵੀ ਨਿਰਾਸ਼ ਕੀਤਾ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿਗ ਪੰਜਾਬ ਦੇ ਆੜ੍ਹਤੀਆਂ ਦੇ ਢਾਈ ਫੀਸਦੀ ਕਮਿਸ਼ਨ ਦਾ ਮੁੱਦਾ ਆਉਂਦੇ ਲੋਕ ਸਭਾ ਸੈਸ਼ਨ ਵਿਚ ਚੁੱਕਣਗੇ। ਉਨ੍ਹਾਂ ਇਸ ਦੇ ਨਾਲ ਹੀ ਪੰਜਾਬ ਦੇ ਆੜ੍ਹਤੀਆਂ ਦਾ ਈਪੀਐੱਫ ਦੇ ਨਾਮ ’ਤੇ ਕੱਟਿਆ ਗਿਆ 55 ਕਰੋੜ ਦਾ ਮਾਮਲਾ ਵੀ ਲੋਕ ਸਭਾ ਵਿਚ ਰੱਖਣਗੇ। ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਓਂ ਪੁੱਜੇ ਐੱਮਪੀ ਰਾਜਾ ਵੜਿੰਗ ਨੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਆੜ੍ਹਤੀਆਂ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਆਉਂਦੇ ਸੈਸ਼ਨ ਵਿਚ ਇਸ ਆਵਾਜ਼ ਨੂੰ ਬੁਲੰਦ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨ ਵਿਚ ਜਿੱਥੇ ਨੂੰਹ ਮਾਸ ਦਾ ਰਿਸ਼ਤਾ ਹੈ, ਉਥੇ ਆੜ੍ਹਤੀਆਂ ਵਰਗ ਖੁਸ਼ਹਾਲ ਹੋਵੇਗਾ ਤਾਂ ਉਸ ਨਾਲ ਜੁੜੇ ਕਈ ਵਰਗ ਦੇ ਲੱਖਾਂ ਲੋਕ ਵੀ ਕਾਮਯਾਬ ਹੋਣਗੇ ਪਰ ਸਮੇਂ ਸਮੇਂ ਸਿਰ ਕੇਂਦਰ ਸਰਕਾਰ ਨੇ ਵਪਾਰ ਵਰਗ ਦੇ ਨਾਲ ਨਾਲ ਪੰਜਾਬ ਦੇ ਆੜ੍ਹਤੀਆਂ ਨੂੰ ਵੀ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਜੋ ਢਾਈ ਫੀਸਦੀ ਕਮਿਸ਼ਨ ਮਿਲਦਾ ਸੀ, ਨੂੰ ਬੰਦ ਕਰਕੇ ਪ੍ਰਤੀ ਕੁਇੰਟਲ 50.74 ਰੁਪਏ ਕਰਨਾ ਧੱਕੇਸ਼ਾਹੀ ਹੈ। ਇਸ ਨਾਲ ਕਾਰੋਬਾਰ ਚੱਲਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਕਾਂਗਰਸ ਵੱਲੋਂ ਉਹ ਲੋਕ ਸਭਾ ਵਿਚ ਚੁੱਕਣਗੇ।
ਇਹੀ ਨਹੀਂ, ਇਸ ਨੂੰ ਲਾਗੂ ਕਰਵਾਉਣ ਲਈ ਹਰ ਬਣਦਾ ਯਤਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਦੀ ਇੱਕ ਹੋਰ ਧੱਕੇਸ਼ਾਹੀ ਨੂੰ ਉਜਾਗਰ ਕਰਦਿਆਂ ਕਿਹਾ ਕਿ ਈਪੀਐਫ ਜਿਸ ਦਾ ਮਤਲਬ ਇੰਮਪਲਾਈ ਪ੍ਰਾਵੀਡੈਂਟ ਫੰਡ ਹੈ ਅਤੇ ਇਸ ਫੰਡ ਦੇ ਨਾਮ ’ਤੇ ਪੰਜਾਬ ਦੇ ਆੜ੍ਹਤੀਆਂ ਦਾ 55 ਕਰੋੜ ਰੁਪਇਆ ਕੱਟ ਲਿਆ ਗਿਆ, ਜਦਕਿ ਕੇਂਦਰ ਸਰਕਾਰ ਹੀ ਨਹੀਂ, ਹਰ ਕਿਸੇ ਨੂੰ ਪਤਾ ਹੈ ਕਿ ਆੜ੍ਹਤੀਆਂ ਕੋਲ ਕੋਈ ਪੱਕੇ ਮੁਲਾਜ਼ਮ ਨਹੀਂ ਹੁੰਦੇ, ਸੀਜ਼ਨਲ ਕੱਚੇ ਮੁਲਾਜ਼ਮ ਰੱਖੇ ਜਾਂਦੇ ਹਨ। ਜੋ ਸੀਜ਼ਨ ਲਗਾਉਣ ਤੋਂ ਬਾਅਦ ਆਪਣੇ ਹੋਰ ਕੰਮਾਂ ਨੂੰ ਚਲੇ ਜਾਂਦੇ ਹਨ। ਇਸ ਸਭ ਤੋਂ ਅਣਜਾਣ ਹੁੰਦਿਆਂ ਕੇਂਦਰ ਨੇ 55 ਕਰੋੜ ਰੁਪਇਆ ਈਪੀਐਫ ਦੇ ਨਾਮ ’ਤੇ ਕੱਟ ਕੇ ਪੰਜਾਬ ਦੇ ਆੜ੍ਹਤੀਆਂ ਨਾਲ ਦੂਜਾ ਧ੍ਰੋਹ ਕਮਾਇਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਨਾਲ ਨਾਲ 55 ਕਰੋੜ ਈਪੀਐਫ ਦੇ ਕੱਟਣ ਦਾ ਮੁੱਦਾ ਵੀ ਲੋਕ ਸਭਾ ਸੈਸ਼ਨ ਵਿਚ ਇਸ ਵਾਰ ਉਹ ਜ਼ੋਰਦਾਰ ਆਵਾਜ਼ ਵਿਚ ਬੁਲੰਦ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗਾਲਿਬ, ਬਲਾਕ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਧਾਲੀਵਾਲ, ਰਾਜੇਸ਼ਇੰਦਰ ਸਿੱਧੂ, ਕੌਂਸਲਰ ਅਮਨ ਕਪੂਰ ਬੌਬੀ, ਵਿਕਰਮ ਜੱਸੀ, ਆੜ੍ਹਤੀਆਂ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਨੂੰ ਸਿੰਗਲਾ, ਪਰਮਜੀਤ ਸਿੰਘ ਗੁਰੂਸਰ, ਪ੍ਰਦੀਪ ਕੁਮਾਰ, ਬੂਟਾ ਸਿੰਘ ਗਰੇਵਾਲ, ਆਸ਼ੂ ਮਿੱਤਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਿੰਦਰ ਸਿੰਘ ਚਾਹਲ, ਸਿਮਰਨ ਮੱਲ੍ਹਾ, ਬੰਤਾ ਸਿੰਘ ਰਸੂਲਪੁਰ, ਅਮਰਜੀਤ ਪੰਡਿਤ, ਮੱਖਣ ਪਹਿਲਵਾਨ, ਜਸਵੀਰ ਸਿੰਘ ਸਰਪੰਚ ਅਤੇ ਹਰਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।