ਆਨਲਾਈਨ ਆਰਡਰਾਂ ਦੀ ਪੈਕਿੰਗ ਦੌਰਾਨ ਗੜਬੜੀ, ਮੁਲਾਜ਼ਮ ਨੇ ਹੀ ਲਗਾਇਆ ਕੰਪਨੀ ਨੂੰ ਚੂਨਾ; ਤਫਸੀਸ਼ ਤੋਂ ਬਾਅਦ ਕੇਸ ਦਰਜ
ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਨਿਤੀਸ਼ ਪਾਠਕ, ਹਿਨਾ ਅਤੇ ਬੇਦੀ ਮੈਡੀਕੋਜ਼ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।
Publish Date: Sun, 01 Feb 2026 03:11 PM (IST)
Updated Date: Sun, 01 Feb 2026 03:16 PM (IST)
ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਸ਼ੇਰਪੁਰ ਚੌਕ ਸਥਿਤ ਮੌਂਟਿਕ ਕਾਰਲੋ ਫੈਸ਼ਨ ਲਿਮਟਿਡ ਕੰਪਨੀ 'ਚ ਆਨਲਾਈਨ ਆਰਡਰਾਂ ਦੀ ਪੈਕਿੰਗ ਦੌਰਾਨ ਧੋਖਾਧੜੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਕੰਪਨੀ ਦੇ ਵੇਅਰ ਹਾਊਸ ਮੈਨੇਜਰ ਰਾਜੀਵ ਸ਼ਰਮਾ ਦੀ ਸ਼ਿਕਾਇਤ 'ਤੇ ਲਕਸ਼ਮੀ ਨਾਰਾਇਣ ਮੰਦਰ ਰਾਜਗੁਰੂ ਨਗਰ ਥਰੀਕੇ ਦੇ ਰਹਿਣ ਵਾਲੇ ਕੰਪਨੀ ਮੁਲਾਜ਼ਮ ਨਿਤੀਸ਼ ਪਾਠਕ, ਬੀਆਰਐਸ ਨਗਰ ਵਾਸੀ ਹਿਨਾ ਅਤੇ ਰਾਜਕੁਨ ਨਗਰ ਮਾਰਕੀਟ 'ਚ ਪੈਂਦੇ ਬੇਦੀ ਮੈਡੀਕੋਜ਼ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਅਗਲੇਰੀ ਪੜਤਾਲ ਕਰ ਰਹੀ ਹੈ।
ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮੈਨੇਜਰ ਰਾਜੀਵ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ 'ਚ ਨਿਤੀਸ਼ ਪਾਠਕ ਨਾਮ ਦਾ ਵਿਅਕਤੀ ਬਤੌਰ ਐਗਜ਼ੀਕਿਊਟਿਵ ਕੰਮ ਕਰਦਾ ਹੈ। ਨਿਤੀਸ਼ ਦੀ ਡਿਊਟੀ ਆਨਲਾਈਨ ਆਰਡਰਾਂ ਦੀ ਪੈਕਿੰਗ ਨਾਲ ਸੰਬੰਧਿਤ ਸੀ। ਕੁਝ ਦਿਨ ਪਹਿਲੋਂ ਕੰਪਨੀ 'ਚ ਬੀਆਰਐਸ ਨਗਰ ਦੇ ਹਿਨਾ ਨੇ ਇਕ ਪੀਸ ਆਰਡਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨਿਤੀਸ਼ ਪਾਠਕ ਨੇ ਪਾਰਸਲ 'ਚ ਇਕ ਪੀਸ ਦੀ ਜਗ੍ਹਾ ਗਾਰਮੈਂਟ ਦੇ 16 ਪੀਸ ਪੈਕ ਕਰ ਦਿੱਤੇ ਸਨ।
ਇਸੇ ਤਰ੍ਹਾਂ ਉਸਨੇ ਇਕ ਹੋਰ ਆਰਡਰ ਬੇਦੀ ਮੈਡੀਕੋਜ਼ ਰਾਜਗੁਰੂ ਨਗਰ ਭੇਜਿਆ ਜਿਸ ਵਿਚ ਉਸਨੇ ਰਾਜਗੁਰੂ ਨਗਰ 'ਚ ਬੇਦੀ ਮੈਡੀਕੋਜ਼ ਨੂੰ ਭੇਜੇ ਗਏ ਪਾਰਸਲ ਵਿਚ ਇਕ ਪੀਸ ਦੀ ਜਗ੍ਹਾ 12 ਪੀਸ ਪੈਕ ਕੀਤੇ ਸਨ। ਕੰਪਨੀ ਦੇ ਅਧਿਕਾਰੀਆਂ ਨੇ ਜਦ ਸ਼ੱਕ ਪੈਣ 'ਤੇ ਪਾਰਸਲ ਚੈੱਕ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਮੈਨੇਜਰ ਨੇ ਸ਼ਿਕਾਇਤ 'ਚ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਵੀ ਕਈ ਵਾਰ ਆਨਲਾਈਨ ਆਰਡਰਾਂ ਦੀ ਪੈਕਿੰਗ ਦੌਰਾਨ ਵੱਧ ਗਾਰਮੈਂਟ ਭੇਜ ਕੇ ਕੰਪਨੀ ਨਾਲ ਧੋਖਾਧੜੀ ਕੀਤੀ ਸੀ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਨਿਤੀਸ਼ ਪਾਠਕ, ਹਿਨਾ ਅਤੇ ਬੇਦੀ ਮੈਡੀਕੋਜ਼ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।