ਲੁਧਿਆਣਾ ਪੁਲਿਸ ਨੂੰ ਪਿਆ ਵਖਤ: ਰਸਤੇ 'ਚ ਪਖਾਨੇ ਲਈ ਰੁਕਣਾ ਪਿਆ ਮਹਿੰਗਾ, ਲੁੱਟਖੋਹ ਕਰਨ ਵਾਲਾ ਮੁਲਜ਼ਮ ਹੋਇਆ ਰਫੂ-ਚੱਕਰ
ਸੰਤੋਸ਼ ਵਿਰੁੱਧ ਲੁਧਿਆਣਾ ਦੇ ਜਮਾਲਪੁਰ ਪੁਲਿਸ ਸਟੇਸ਼ਨ ’ਚ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਦੀ ਇੱਕ ਟੀਮ ਮੁਲਜ਼ਮ ਨੂੰ ਰਿਕਵਰੀ ਲਈ ਖੰਨਾ ਲੈ ਕੇ ਆਈ। ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਪੁਲਿਸ ਦੇ ਏਐੱਸਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ।
Publish Date: Fri, 02 Jan 2026 11:03 AM (IST)
Updated Date: Fri, 02 Jan 2026 11:21 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਲੁਧਿਆਣਾ ਪੁਲਿਸ ਦੀ ਹਿਰਾਸਤ ’ਚੋਂ ਲੁੱਟਖੋਹ ਕਰਨ ਵਾਲਾ ਦਾ ਮੁਲਜ਼ਮ ਫ਼ਰਾਰ ਹੋ ਗਿਆ। ਪੁਲਿਸ ਨੇ ਉਸ ਨੂੰ ਫੜਨ ਲਈ ਉਸ ਦਾ ਪਿੱਛਾ ਕੀਤਾ। ਪਿੱਛਾ ਕਰਨ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਮੀਨ ’ਤੇ ਮੂੰਹ ਭਾਰ ਡਿੱਗ ਪਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮੁਲਜ਼ਮ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਖੰਨਾ ਦੇ ਮਾਜਰੀ ਮੁਹੱਲਾ ਖ਼ਾਲਸਾ ਸਕੂਲ ਰੋਡ ਦਾ ਰਹਿਣ ਵਾਲਾ ਹੈ। ਸੰਤੋਸ਼ ਵਿਰੁੱਧ ਲੁਧਿਆਣਾ ਦੇ ਜਮਾਲਪੁਰ ਪੁਲਿਸ ਸਟੇਸ਼ਨ ’ਚ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਦੀ ਇੱਕ ਟੀਮ ਮੁਲਜ਼ਮ ਨੂੰ ਰਿਕਵਰੀ ਲਈ ਖੰਨਾ ਲੈ ਕੇ ਆਈ। ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਪੁਲਿਸ ਦੇ ਏਐੱਸਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਖੰਨਾ ’ਚ ਰਿਕਵਰੀ ਤੋਂ ਬਾਅਦ ਪੁਲਿਸ ਟੀਮ ਮੁਲਜ਼ਮ ਨੂੰ ਵਾਪਸ ਲੁਧਿਆਣਾ ਲਿਜਾ ਰਹੀ ਸੀ। ਰਸਤੇ ’ਚ ਕਾਰ ਇੱਕ ਪੈਟਰੋਲ ਪੰਪ ’ਤੇ ਪਖਾਨੇ ਲਈ ਰੋਕੀ ਗਈ। ਦੋ ਪੁਲਿਸ ਮੁਲਾਜ਼ਮ ਪਖਾਨੇ ਲਈ ਗਏ, ਜਦਕਿ ਇੱਕ ਡਰਾਈਵਰ ਸੀਟ ’ਤੇ ਰਿਹਾ। ਇਸ ਦੌਰਾਨ ਪਿਛਲੀ ਸੀਟ ’ਤੇ ਬੈਠੇ ਮੁਲਜ਼ਮ ਸੰਤੋਸ਼ ਖਿੜਕੀ ਖੋਲ੍ਹ ਕੇ ਫ਼ਰਾਰ ਹੋ ਗਿਆ, ਜਦੋਂ ਡਰਾਈਵਰ ਸੀਟ ’ਤੇ ਬੈਠੇ ਪੁਲਿਸ ਮੁਲਾਜ਼ਮ ਨੂੰ ਅਹਿਸਾਸ ਹੋਇਆ ਕਿ ਮੁਲਜ਼ਮ ਭੱਜ ਗਿਆ ਹੈ, ਤਾਂ ਉਹ ਵੀ ਬਾਹਰ ਨਿਕਲਿਆ ਤੇ ਉਸਦੇ ਪਿੱਛੇ ਭੱਜਣ ਲੱਗਾ। ਜਦੋਂ ਪੁਲਿਸ ਮੁਲਾਜ਼ਮ ਉਸ ਪਿੱਛੇ ਭੱਜ ਰਿਹਾ ਸੀ ਤਾਂ ਕੁਝ ਦੂਰੀ ’ਤੇ ਉਹ ਮੂੰਹ ਭਾਰ ਡਿੱਗ ਪਿਆ। ਜਦੋਂ ਤੱਕ ਦੋ ਹੋਰ ਪੁਲਿਸ ਵਾਲੇ ਉੱਥੇ ਪਹੁੰਚੇ, ਮੁਲਜ਼ਮ ਫ਼ਰਾਰ ਹੋ ਚੁੱਕਾ ਚੁੱਕਾ ਸੀ।
ਘਟਨਾ ਦੀ ਸੂਚਨਾ ਤੁਰੰਤ ਖੰਨਾ ਪੁਲਿਸ ਨੂੰ ਦਿੱਤੀ ਗਈ। ਲੁਧਿਆਣਾ ਪੁਲਿਸ ਦੇ ਏਐੱਸਆਈ ਪਲਵਿੰਦਰ ਪਾਲ ਸਿੰਘ ਦੀ ਸ਼ਿਕਾਇਤ ’ਤੇ ਖੰਨਾ ਸਿਟੀ ਥਾਣਾ 2 ਦੀ ਪੁਲਿਸ ਨੇ ਮੁਲਜ਼ਮ ਸੰਤੋਸ਼ ਕੁਮਾਰ ਵਿਰੁੱਧ ਪੁਲਿਸ ਹਿਰਾਸਤ ’ਚੋਂ ਭੱਜਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਹੈ। ਲੁਧਿਆਣਾ ਤੇ ਖੰਨਾ ਪੁਲਿਸ ਦੀਆਂ ਸਾਂਝੀਆਂ ਟੀਮਾਂ ਮੁਲਜ਼ਮ ਦੀ ਭਾਲ ’ਚ ਲੱਗੀਆਂ ਹੋਈਆਂ ਹਨ।