- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮਾਂ ਨੇ ਲੁਧਿਆਣਾ, ਜਲੰਧਰ, ਫਗਵਾੜਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਏਟੀਐਮ ਲੁੱਟ ਦੀਆਂ ਕਈ ਘਟਨਾਵਾਂ ਵਿੱਚ ਸ਼ਮੂਲੀਅਤ ਕਬੂਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੀਪਕ ਕੁਮਾਰ ਉਰਫ਼ ਦੀਪੂ ਬਿਹਾਰੀ ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਸ਼ਾਮਲ ਹੈ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਅੰਤਰ-ਜ਼ਿਲ੍ਹਾ ਪੱਧਰ ’ਤੇ ਏਟੀਐਮ ਮਸ਼ੀਨਾਂ ਨੂੰ ਨਿਸ਼ਾਨਾ ਬਣਾ ਕੇ ਲੁੱਟਾਂ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਦੋ ਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਨਾਜਾਇਜ਼ ਹਥਿਆਰ, ਜ਼ਿੰਦਾ ਕਾਰਤੂਸ, ਇੰਡਸਟਰੀਅਲ ਗੈਸ ਕੱਟਰ, ਗੈਸ ਸਿਲੰਡਰ, ਪੋਰਟੇਬਲ ਕੱਟਣ ਵਾਲੀ ਮਸ਼ੀਨ ਅਤੇ ਵਾਰਦਾਤਾਂ ਵਿੱਚ ਵਰਤੀ ਜਾਣ ਵਾਲੀ ਕਾਰ ਬਰਾਮਦ ਕੀਤੀ ਹੈ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਐਡੀਸ਼ਨਲ ਸੀਪੀ ਰੁਪਿੰਦਰ ਸਿੰਘ, ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ, ਏਡੀਸੀਪੀ ਅਮਨਦੀਪ ਸਿੰਘ ਬਰਾੜ, ਏਡੀਸੀਪੀ ਸਮੀਰ ਵਰਮਾ, ਏਸੀਪੀ ਹਰਸ਼ਪ੍ਰੀਤ ਸਿੰਘ ਅਤੇ ਏਸੀਪੀ ਕਿੱਕਰ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ, ਕ੍ਰਾਈਮ ਬ੍ਰਾਂਚ ਅਤੇ ਥਾਣਾ ਬਸਤੀ ਜੋਧੇਵਾਲ ਦੀਆਂ ਸਾਂਝੀਆਂ ਟੀਮਾਂ ਵੱਲੋਂ ਅੰਜਾਮ ਦਿੱਤੀ ਗਈ।
ਏਟੀਐਮ ਮਸ਼ੀਨ ਕੱਟਦੇ ਸਮੇਂ ਲੱਗੀ ਸੀ ਅੱਗ , ਪੁਲਿਸ ਤੇ ਚਲਾਈ ਸੀ ਗੋਲੀ
ਪੁਲਿਸ ਜਾਂਚ ਮੁਤਾਬਕ 19 ਅਤੇ 20 ਮਈ 2026 ਦੀ ਦਰਮਿਆਨੀ ਰਾਤ ਨੂੰ ਨੂਰਵਾਲਾ ਰੋਡ ਸਥਿਤ ਇੱਕ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮੁਲਜ਼ਮ ਹਾਈ-ਟੈਂਪਰੇਚਰ ਗੈਸ ਕੱਟਰ ਨਾਲ ਏਟੀਐਮ ਮਸ਼ੀਨ ਕੱਟ ਰਹੇ ਸਨ ਕਿ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਦੌਰਾਨ ਉਹ ਮੌਕੇ ਤੋਂ ਭੱਜਣ ਲੱਗੇ। ਜਦੋਂ ਪੀਸੀਆਰ ਟੈਂਗੋ-6 ਦੀ ਟੀਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ’ਤੇ ਸਿੱਧੀ ਗੋਲੀ ਚਲਾ ਦਿੱਤੀ ਅਤੇ ਫ਼ਰਾਰ ਹੋ ਗਏ।
ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਨੇ 25 ਮਈ ਨੂੰ ਪਹਿਲੇ ਮੁਲਜ਼ਮ ਜਸਮਿੰਦਰ ਸਿੰਘ ਉਰਫ਼ ਜੱਸ ਨੂੰ ਵਾਰਦਾਤ ਵਿੱਚ ਵਰਤੀ ਗਈ ਕਾਰ ਸਮੇਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅੰਮ੍ਰਿਤਸਰ ਨਾਲ ਸਬੰਧਤ ਛੇ ਮੈਂਬਰੀ ਗਿਰੋਹ ਏਟੀਐਮ ਲੁੱਟ ਦੀ ਨੀਅਤ ਨਾਲ ਲੁਧਿਆਣਾ ਪਹੁੰਚਿਆ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ 2 ਜੂਨ ਨੂੰ ਇੱਕ ਹੋਰ ਛਾਪੇਮਾਰੀ ਕਰਕੇ ਗਿਰੋਹ ਦੇ ਮੁੱਖ ਮੈਂਬਰ ਦੀਪਕ ਕੁਮਾਰ ਉਰਫ਼ ਦੀਪੂ ਬਿਹਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ਵਿੱਚੋਂ ਉਹ 32 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਜਿਸ ਨਾਲ ਪੀਸੀਆਰ ਟੀਮ ’ਤੇ ਗੋਲੀ ਚਲਾਈ ਸੀ।
ਰੇਕੀ ਕਰਨ ਤੋਂ ਬਾਅਦ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਗਿਰੋਹ ਦੇ ਮੈਂਬਰ ਦਿਨ ਵੇਲੇ ਸੁੰਨਸਾਨ ਏਟੀਐਮਾਂ ਦੀ ਰੇਕੀ ਕਰਦੇ ਸਨ ਅਤੇ ਰਾਤ ਸਮੇਂ ਗੈਸ ਕੱਟਰਾਂ ਦੀ ਮਦਦ ਨਾਲ ਮਸ਼ੀਨਾਂ ਨੂੰ ਕੱਟ ਕੇ ਨਕਦੀ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਨੇ ਲੁਧਿਆਣਾ, ਜਲੰਧਰ, ਫਗਵਾੜਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਏਟੀਐਮ ਲੁੱਟ ਦੀਆਂ ਕਈ ਘਟਨਾਵਾਂ ਵਿੱਚ ਸ਼ਮੂਲੀਅਤ ਕਬੂਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਦੀਪਕ ਕੁਮਾਰ ਉਰਫ਼ ਦੀਪੂ ਬਿਹਾਰੀ ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਸ਼ਾਮਲ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਖ ਮੁਲਜ਼ਮ ਆਦਤਨ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਸਾਲ 2007 ਤੋਂ 2022 ਤੱਕ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਅਸਲਾ ਐਕਟ, ਪ੍ਰਿਜ਼ਨ ਐਕਟ ਅਤੇ ਐਨਡੀਪੀਐਸ ਐਕਟ ਤਹਿਤ 21 ਮਾਮਲੇ ਦਰਜ ਹਨ। ਦੂਜਾ ਮੁਲਜ਼ਮ ਜਸਮਿੰਦਰ ਸਿੰਘ ਉਰਫ਼ ਜੱਸ ਵਾਸੀ ਅੰਮ੍ਰਿਤਸਰ ਹੈ, ਜਿਸ ਖ਼ਿਲਾਫ਼ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ।
ਏਟੀਐਮ ਲੁੱਟਦੇ ਪੰਜ ਮਾਮਲਿਆਂ ਦਾ ਹੋਇਆ ਖੁਲਾਸਾ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਸ ਗਿਰੋਹ ਨਾਲ ਜੁੜੇ ਪੰਜ ਵੱਡੇ ਅੰਤਰ-ਜ਼ਿਲ੍ਹਾ ਏਟੀਐਮ ਲੁੱਟ ਅਤੇ ਤੋੜਫੋੜ ਦੇ ਮਾਮਲੇ ਸੁਲਝਾ ਲਏ ਗਏ ਹਨ, ਜਿਨ੍ਹਾਂ ਵਿੱਚ ਜਲੰਧਰ ਕੈਂਟ, ਰਾਮਾ ਮੰਡੀ, ਫਗਵਾੜਾ ਸਦਰ ਅਤੇ ਲੁਧਿਆਣਾ ਦੇ ਜੋਧੇਵਾਲ ਥਾਣਿਆਂ ਵਿੱਚ ਦਰਜ ਕੇਸ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਮਾਲ ਬਰਾਮਦ ਕੀਤਾ ਜਾ ਸਕੇ ਅਤੇ ਗਿਰੋਹ ਦੇ ਵਿੱਤੀ ਲੈਣ-ਦੇਣ ਅਤੇ ਅਪਰਾਧਿਕ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਇਸ ਦੇ ਨਾਲ ਹੀ ਫ਼ਰਾਰ ਚੱਲ ਰਹੇ ਚਾਰ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕਾਰਵਾਈ ਨਾਲ ਪੰਜਾਬ ਵਿੱਚ ਏਟੀਐਮ ਲੁੱਟ ਦੀਆਂ ਲੜੀਵਾਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਸਰਗਰਮ ਗਿਰੋਹ ਦੀ ਕਮਰ ਟੁੱਟ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।