- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀਮ ਨੇ ਲੋਨ ਦੇ ਕਾਗਜਾਂ ਦੀਆਂ ਫਾਈਲਾਂ ਫਰੋਲੀਆਂ ਤਾਂ ਸਭ ਕੁਝ ਜਾਅਲੀ ਪਾਇਆ ਗਿਆ, ਜਿਸ ਤੋਂ ਬਾਅਦ ਬੈਂਕ ਦੀ ਸ਼ਿਕਾਇਤ ’ਤੇ ਥਾਣਾ ਦਾਖਾ ਵਿਖੇ ਬੈਂਕ ਮੈਨੇਜਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਸੰਜੀਵ ਗੁਪਤਾ, ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਜਗਰਾਓਂ/ਮੁੱਲਾਂਪੁਰ : ਲੁਧਿਆਣਾ ਦੇ ਪਿੰਡ ਬੱਦੋਵਾਲ ਵਿਖੇ ਇੱਕ ਬੈਂਕ ਦੇ ਮੈਨੇਜਰ ਨੇ ਹੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਕੀਮ ਤਹਿਤ ਫਰਜੀ ਲੋਨ ਕਰਦਿਆਂ 4 ਕਰੋੜ ਸ਼ੇਅਰ ਮਾਰਕੀਟ ’ਚ ਉਡਾ ਦਿੱਤੇ। ਬੈਂਕ ਮੈਨੇਜਰ ਦੇ ਜਾਅਲੀ ਲੋਨ ਫਰਜੀਵਾੜੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਰੋੜਾਂ ਰੁਪਏ ਦੇ ਲੋਨ ਪਾਸ ਹੋਣ ’ਤੇ ਜਾਂਚ ਲਈ ਟੀਮ ਪਹੁੰਚ ਗਈ। ਟੀਮ ਨੇ ਲੋਨ ਦੇ ਕਾਗਜਾਂ ਦੀਆਂ ਫਾਈਲਾਂ ਫਰੋਲੀਆਂ ਤਾਂ ਸਭ ਕੁਝ ਜਾਅਲੀ ਪਾਇਆ ਗਿਆ, ਜਿਸ ਤੋਂ ਬਾਅਦ ਬੈਂਕ ਦੀ ਸ਼ਿਕਾਇਤ ’ਤੇ ਥਾਣਾ ਦਾਖਾ ਵਿਖੇ ਬੈਂਕ ਮੈਨੇਜਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇੰਡੀਅਨ ਓਵਰਸੀਜ਼ ਬੈਂਕ ਬੱਦੋਵਾਲ ’ਚ ਬਤੌਰ ਮੈਨੇਜਰ ਤਾਇਨਾਤ ਪੰਕਜ ਪੁੱਤਰ ਗੁਲਸ਼ਨ ਵਾਸੀ ਪਟੇਲ ਨਗਰ ਜੀਂਦ ਹਰਿਆਣਾ ਜਿਸ ਨੂੰ ਸ਼ੇਅਰ ਮਾਰਕੀਟ ’ਚ ਕਿਸਮਤ ਅਜਮਾਉਣ ਦਾ ਚਸਕਾ ਸੀ। ਇਸ ਲਈ ਉਸ ਦੀ ਆਪਣੇ ਜਮਾਂ ਪੂੰਜੀ ਸ਼ੇਅਰ ਮਾਰਕੀਟ ’ਚ ਡੁੱਬ ਜਾਣ ਤੋਂ ਬਾਅਦ ਵੀ ਸ਼ੇਅਰ ਮਾਰਕੀਟ ’ਚ ਪੈਸੇ ਲਗਾਉਣ ਦਾ ਚਸਕਾ ਨਾ ਛੱਡਿਆ। ਇਸ ਦੇ ਲਈ ਪੈਸੇ ਦੀ ਕਿੱਲਤ ’ਤੇ ਮੈਨੇਜਰ ਨੇ ਫਰਜੀ ਲੋਨ ਕਰਨ ਦਾ ਪਲਾਨ ਕਰ ਲਿਆ, ਜਿਸ ਨੇ ਬਿਨਾਂ ਕਾਗਜ਼ੀ ਕਾਰਵਾਈ ਤੋਂ ਹੀ ਖੇਤੀਬਾੜੀ ਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ 22 ਜਾਅਲੀ ਫਰਜ਼ੀ ਲੋਨ ਪਾਸ ਕਰਕੇ 3 ਕਰੋੜ 90 ਲੱਖ ਨੂੰ ਟਰਾਂਸਫਰ ਕਰਕੇ ਹੜੱਪ ਕਰ ਲਿਆ। ਇਸ ਦੇ ਲਈ ਉਸਨੇ ਬੈਂਕ ਦੇ ਨਿਯਮਾਂ ਨੂੰ ਹੀ ਛਿੱਕੇ ਨਹੀਂ ਟੰਗਿਆ, ਬੈਂਕਾਂ ਦੇ ਹੋਰਾਂ ਅਧਿਕਾਰੀਆਂ ਨੂੰ ਵੀ ਹਨੇਰੇ ’ਚ ਰੱਖਿਆ। ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਬੈਂਕ ’ਚ ਤਾਇਨਾਤ ਸਹਾਇਕ ਮੈਨੇਜਰ ਅਰਚਨਾ ਗੁਪਤਾ, ਕਲਰਕ ਕਰਮਜੀਤ ਸਿੰਘ ਦੇ ਲਾਗਇਨ ਆਈਡੀ ਵਰਤਦਿਆਂ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਕਿਸ ਕਾਗਜਾਤ ਤੋਂ ਸਾਰੇ ਕਰਜੇ ਸੈਂਕਸ਼ਨ ਕਰ ਦਿੱਤੇ। ਬੈਂਕ ਮੈਨੇਜਰ ਪੰਕਜ ਦੇ ਜਾਅਲੀ ਲੋਨ ਦੇ ਫਰਜੀਵਾੜੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਇੰਡੀਅਨ ਓਵਰਸੀਜ਼ ਦੇ ਰਿਜਨਲ ਮੈਨੇਜਰ ਓਮਾ ਕਾਂਤਾ ਸਮਲ ਬੱਦੋਵਾਲ ਬ੍ਰਾਂਚ ’ਚ ਇਕਦਮ ਤੋਂ ਕਰਜਿਆਂ ਦੀ ਰਕਮ ’ਚ ਬੇਅਥਾਹ ਵਾਧਾ ਹੋਣ ਦੀ ਰਿਪੋਰਟ ਚੈੱਕ ਕੀਤੀ, ਜਿਸ ’ਤੇ ਉਹ ਆਪਣੀ ਟੀਮ ਸਮੇਤ 16 ਜਨਵਰੀ 2026 ਨੂੰ ਅਚਾਨਕ ਬੱਦਵਾਲ ਪੁੱਜੇ ਅਤੇ ਬ੍ਰਾਂਚ ਮੈਨੇਜਰ ਪੰਕਜ ਵੱਲੋਂ ਦਸੰਬਰ 2025 ਤੇ ਜਨਵਰੀ 2026 ਦੇ ਕੀਤੇ ਗਏ ਖੇਤੀਬਾੜੀ ਤੇ ਪ੍ਰਧਾਨ ਮੰਤਰੀ ਮੁਦਰਾ ਦੇ 03 ਕਰੋੜ 90 ਲੱਖ ਰੁਪਏ ਦੀ ਰਕਮ ਦੇ 22 ਕਰਜਿਆਂ ਦੇ ਕਾਗਜਾਤ ਮੰਗੇ ਤਾਂ ਉਹ ਪੇਸ਼ ਨਹੀਂ ਕਰ ਸਕੇ । ਜਦੋਂ ਇਸ ਸਬੰਧੀ ਬ੍ਰਾਂਚ ਮੈਨੇਜਰ ਪੰਕਜ ਤੋਂ ਸਵਾਲ ਜਵਾਬ ਕੀਤੇ ਤਾਂ ਉਸਨੇ ਮੰਨਿਆ ਕਿ ਇਹ ਫਰਜੀ ਲੋਨ ਉਸਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਮ ’ਤੇ ਕੀਤੇ ਹਨ ਅਤੇ ਉਸਨੂੰ ਸ਼ੇਅਰ ਮਾਰਕਿਟ ਵਿੱਚ ਪੈਸੇ ਲਾਉਣ ਦਾ ਸ਼ੌਂਕ ਸੀ। ਇਹ ਫਰਜ਼ੀ ਕਰਜੇ ਕਰਕੇ ਬੈਂਕ ਦੇ ਪੈਸੇ ਸ਼ੇਅਰ ਮਾਰਕਿਟ ਵਿੱਚ ਲਾਏ ਸਨ, ਜਿਹੜੇ ਕਿ ਡੁੱਬ ਗਏ ਹਨ।
ਫਸਿਆ ਤਾਂ ਮੈਨੇਜਰ ਨੇ 20 ਦਿਨ ਵਿਚ ਰਕਮ ਮੋੜਨ ਦਾ ਕੀਤਾ ਸੀ ਵਾਅਦਾ
ਬੈਂਕ ਮੈਨੇਜਰ ਪੰਕਜ ਦੇ ਜਾਅਲੀ ਲੋਨ ਫਰਜੀਵਾੜੇ ਦਾ ਖੁਲਾਸਾ ਹੋਣ ’ਤੇ ਕਾਨੂੰਨੀ ਸਿਕੰਜੇ ਵਿਚ ਖੁਦ ਨੂੰ ਫਸਿਆ ਦੇਖ ਉਸ ਨੇ ਉਚ ਅਧਿਕਾਰੀਆਂ ਅੱਗੇ 20 ਦਿਨਾਂ ਅੰਦਰ ਸਾਰੀ ਰਕਮ ਵਾਪਸ ਕਰਨ ਦਾ ਭਰੋਸਾ ਦੇ ਦਿੱਤਾ, ਪਰ ਉਸਦਾ ਇਹ ਭਰੋਸਾ ਵੀ ਫਰਜੀ ਕੀਤੇ ਲੋਨ ਵਰਗਾ ਫਰਜੀ ਨਿਕਲਿਆ।