ਲੁਧਿਆਣਾ 'ਚ ਦਿਨ-ਦਿਹਾੜੇ ਵਾਰਦਾਤ: ਟਾਇਰ ਬਦਲ ਰਹੇ ਕਾਰੋਬਾਰੀ ਦੀ ਗੱਡੀ 'ਚੋਂ 1.82 ਲੱਖ ਨਕਦੀ ਵਾਲਾ ਬੈਗ ਲੈ ਕੇ ਬਦਮਾਸ਼ ਫਰਾਰ
ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਰਜਿੰਦਰ ਪਾਲ ਸਿੰਘ ਨਾਲ ਆਪਣੀ ਕਾਰ ਵਿੱਚ ਸਵਾਰ ਹੋ ਕੇ ਕਿਸੇ ਜ਼ਰੂਰੀ ਕੰਮ ਲਈ ਭਾਈਬਾਲਾ ਚੌਂਕ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਭਾਰਤ ਨਗਰ ਚੌਂਕ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ
Publish Date: Wed, 08 Apr 2026 01:04 PM (IST)
Updated Date: Wed, 08 Apr 2026 01:06 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਕਾਰੋਬਾਰੀ ਨੂੰ ਕਾਰ ਦੀ ਸਟਿਪਨੀ ਬਦਲਣ ਵਿੱਚ ਵਿਅਸਤ ਦੇਖ ਦੋ ਬਦਮਾਸ਼ਾਂ ਨੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਉਸਦੀ ਕਾਰ ਚੋਂ ਨਕਦੀ ਵਾਲਾ ਬੈਗ ਚੁੱਕ ਕੇ ਰਫੂ ਚੱਕਰ ਹੋ ਗਏ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਧਾਂਦਰਾ ਰੋਡ ਦੇ ਰਹਿਣ ਵਾਲੇ ਮਨਦੀਪ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਰਜਿੰਦਰ ਪਾਲ ਸਿੰਘ ਨਾਲ ਆਪਣੀ ਕਾਰ ਵਿੱਚ ਸਵਾਰ ਹੋ ਕੇ ਕਿਸੇ ਜ਼ਰੂਰੀ ਕੰਮ ਲਈ ਭਾਈਬਾਲਾ ਚੌਂਕ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਭਾਰਤ ਨਗਰ ਚੌਂਕ ਵਿੱਚ ਪਹੁੰਚੇ ਤਾਂ ਉਨ੍ਹਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ। ਮਨਦੀਪ ਸਿੰਘ ਨੇ ਐਸਬੀਆਈ ਬੈਂਕ ਦੇ ਸਾਹਮਣੇ ਆਪਣੀ ਕਾਰ ਖੜੀ ਕਰਕੇ ਟਾਇਰ ਬਦਲਣਾ ਸ਼ੁਰੂ ਕੀਤਾ। ਰਜਿੰਦਰ ਪਾਲ ਸਿੰਘ ਵੀ ਆਪਣੇ ਜਵਾਈ ਦੀ ਮਦਦ ਕਰਨ ਲੱਗ ਪਏ। ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ਚੋਂ ਇੱਕ ਗੱਡੀ ਦੇ ਲਾਗੇ ਆਇਆ ਅਤੇ ਕੁਝ ਹੀ ਸੈਕਿੰਡਾਂ ਵਿੱਚ ਬੈਗ ਚੁੱਕ ਕੇ ਭੱਜ ਗਏ।
ਮੁਲਜ਼ਮ ਬੜੀ ਹੀ ਤੇਜ਼ੀ ਆਪਣੇ ਸਾਥੀ ਦੇ ਮੋਟਰਸਾਈਕਲ ਤੇ ਬੈਠਾ ਅਤੇ ਦੋਵੇਂ ਰਫੂ ਚੱਕਰ ਹੋ ਗਏ। ਬਦਮਾਸ਼ਾਂ ਨੇ ਬੜੀ ਹੀ ਫੁਰਤੀ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ। ਉਧਰੋਂ ਇਸ ਮਾਮਲੇ ਸਬੰਧੀ ਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਗ ਵਿੱਚ 1 ਲੱਖ 82 ਹਜ਼ਾਰ ਦੀ ਨਕਦੀ ਅਤੇ ਇੱਕ ਮੋਬਾਈਲ ਫੋਨ ਸੀ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਪਾਰਟੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਤਲਾਸ਼ ਕਰਨ ਵਿੱਚ ਜੁੱਟ ਗਈ ਹੈ।