ਲੁਧਿਆਣਾ 'ਚ ਬੁਰੀ ਤਰ੍ਹਾਂ ਭੜਕੇ ਜਵਾਈ ਨੇ ਸਹੁਰੇ ਦੇ ਘਰ ਨੂੰ ਡੀਜ਼ਲ ਛਿੜਕ ਕੇ ਲਗਾਈ ਅੱਗ, ਮੁਲਜ਼ਮ ਗ੍ਰਿਫ਼ਤਾਰ
ਇਸ ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਇਆਲੀ ਕਲਾਂ ਦੇ ਵਾਸੀ ਰਾਜਕੁਮਾਰ ਸ਼ੁਕਲਾ ਨੇ ਦੱਸਿਆ ਕਿ ਉਸਦੀ ਬੇਟੀ ਆਰਤੀ ਦਾ ਵਿਆਹ ਆਸ਼ੀਸ਼ ਤਿਵਾੜੀ ਨਾਲ ਹੋਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਆਸ਼ੀਸ਼ ਆਰਤੀ ਅਤੇ ਆਪਣੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਦਸਲੂਕੀ ਕਰਨ ਲੱਗ ਪਿਆ।
Publish Date: Thu, 23 Apr 2026 12:12 PM (IST)
Updated Date: Thu, 23 Apr 2026 12:16 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਇਆਲੀ ਕਲਾ ਇਲਾਕੇ ਦੇ ਬਾਬਾ ਨੰਦ ਸਿੰਘ ਨਗਰ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਰਿਵਾਰਕ ਤਕਰਾਰ ਤੋਂ ਬਾਅਦ ਮਾਮਲਾ ਇਸ ਕਦਰ ਵਧ ਗਿਆ ਕਿ ਜਵਾਈ ਨੇ ਆਪਣੇ ਸਹੁਰੇ ਦੇ ਘਰ 'ਤੇ ਡੀਜ਼ਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਘਰ ਵਿੱਚ ਪਿਆ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਦਾ ਕਾਰਵਾਈ ਕਰਦੀ ਹੋਈ ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਇਆਲੀ ਕਲਾਂ ਦੇ ਵਾਸੀ ਰਾਜਕੁਮਾਰ ਸ਼ੁਕਲਾ ਨੇ ਦੱਸਿਆ ਕਿ ਉਸਦੀ ਬੇਟੀ ਆਰਤੀ ਦਾ ਵਿਆਹ ਆਸ਼ੀਸ਼ ਤਿਵਾੜੀ ਨਾਲ ਹੋਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਆਸ਼ੀਸ਼ ਆਰਤੀ ਅਤੇ ਆਪਣੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਦਸਲੂਕੀ ਕਰਨ ਲੱਗ ਪਿਆ। ਰਿਸ਼ਤਿਆਂ ਵਿੱਚ ਪੈਦਾ ਹੋਈ ਕੜਵਾਹਟ ਤੋਂ ਬਾਅਦ ਆਸ਼ੀਸ਼ ਇਸ ਕਦਰ ਭੜਕ ਗਿਆ ਕਿ ਉਸਨੇ ਆਪਣੇ ਸਹੁਰੇ ਦੇ ਘਰ ਨੂੰ ਅੱਗ ਲਗਾ ਦਿੱਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਘਰ ਤੋਂ ਬਾਹਰ ਸਨ। ਸ਼ਿਕਾਇਤਕਰਤਾ ਦੀ ਪਤਨੀ ਸੰਗੀਤਾ ਨੇ ਫੋਨ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਆਸ਼ੀਸ਼ ਇੱਕ ਪਲਾਸਟਿਕ ਦੀ ਕੈਨੀ ਵਿੱਚ ਡੀਜ਼ਲ ਲੈ ਕੇ ਆਇਆ ਸੀ ਅਤੇ ਘਰ ਦੇ ਸਮਾਨ ਉੱਪਰ ਛਿੜਕ ਕੇ ਉਸਨੇ ਅੱਗ ਲਗਾ ਦਿੱਤੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਥਾਣਾ ਸਰਾਬਾ ਨਗਰ ਦੀ ਪੁਲਿਸ ਨੇ ਮੁਲਜ਼ਮ ਆਸ਼ੀਸ਼ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਅਗਲੇਰੀ ਪੜਤਾਲ ਕੀਤੀ ਜਾ ਰਹੀ।