ਰੇਲਵੇ ਪਲੇਟਫਾਰਮ 'ਤੇ ਖ਼ੌਫ਼ਨਾਕ ਵਾਰਦਾਤ: ਸੁੱਤੇ ਹੋਏ ਨੌਜਵਾਨ ਉੱਪਰ ਚੜ੍ਹਾਈ ਕਾਰ, ਦੋ ਵਾਰ ਬੇਰਹਿਮੀ ਨਾਲ ਦਰੜਿਆ
ਜ਼ਖ਼ਮੀ ਨੌਜਵਾਨ ਦੀ ਪਛਾਣ ਛਣਕੂ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਛਣਕੂ ਫਿਰੋਜ਼ਪੁਰ ਰੋਡ 'ਤੇ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਵੇਟਰ ਵਜੋਂ ਕੰਮ ਕਰਦਾ ਹੈ। ਬੀਤੀ ਰਾਤ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਜਾਣ ਲਈ ਰੇਲਵੇ ਸਟੇਸ਼ਨ ਪਹੁੰਚਿਆ ਸੀ। ਜ਼ਿਆਦਾ ਥਕਾਵਟ ਹੋਣ ਕਾਰਨ ਉਹ ਪਲੇਟਫਾਰਮ 'ਤੇ ਹੀ ਸੌਂ ਗਿਆ, ਜਿੱਥੇ ਇਹ ਹਾਦਸਾ ਵਾਪਰ ਗਿਆ।
Publish Date: Fri, 30 Jan 2026 03:42 PM (IST)
Updated Date: Fri, 30 Jan 2026 04:36 PM (IST)
ਐਸ.ਪੀ. ਜੋਸ਼ੀ, ਲੁਧਿਆਣਾ (ਪੰਜਾਬੀ ਜਾਗਰਣ): ਦੇਸ਼ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ, ਲੁਧਿਆਣਾ ਜੰਕਸ਼ਨ ਦੇ ਪਲੇਟਫਾਰਮ ਬਾਹਰ ਬੀਤੀ ਰਾਤ ਇੱਕ ਰੂਹ ਕੰਬਾਊ ਘਟਨਾ ਵਾਪਰੀ। ਇੱਥੇ ਪਲੇਟਫਾਰਮ 'ਤੇ ਸੁੱਤੇ ਹੋਏ ਇੱਕ ਨੌਜਵਾਨ ਉੱਪਰ ਇੱਕ ਕਾਰ ਚਾਲਕ ਨੇ ਆਪਣੀ ਗੱਡੀ ਚੜ੍ਹਾ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਾਲਕ ਨੇ ਘਬਰਾਹਟ ਵਿੱਚ ਨੌਜਵਾਨ ਨੂੰ ਦੋ ਵਾਰ ਗੱਡੀ ਹੇਠ ਦਰੜ ਦਿੱਤਾ, ਜਿਸ ਕਾਰਨ ਉਸ ਦੇ ਲੱਕ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਥਕਾਵਟ ਕਾਰਨ ਸਟੇਸ਼ਨ 'ਤੇ ਹੀ ਲੱਗ ਗਈ ਸੀ ਅੱਖ
ਜ਼ਖ਼ਮੀ ਨੌਜਵਾਨ ਦੀ ਪਛਾਣ ਛਣਕੂ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਛਣਕੂ ਫਿਰੋਜ਼ਪੁਰ ਰੋਡ 'ਤੇ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਵੇਟਰ ਵਜੋਂ ਕੰਮ ਕਰਦਾ ਹੈ। ਬੀਤੀ ਰਾਤ ਕੰਮ ਖ਼ਤਮ ਕਰਨ ਤੋਂ ਬਾਅਦ ਉਹ ਆਪਣੇ ਪਿੰਡ ਜਾਣ ਲਈ ਰੇਲਵੇ ਸਟੇਸ਼ਨ ਪਹੁੰਚਿਆ ਸੀ। ਜ਼ਿਆਦਾ ਥਕਾਵਟ ਹੋਣ ਕਾਰਨ ਉਹ ਪਲੇਟਫਾਰਮ 'ਤੇ ਹੀ ਸੌਂ ਗਿਆ, ਜਿੱਥੇ ਇਹ ਹਾਦਸਾ ਵਾਪਰ ਗਿਆ।
ਪਹਿਲਾਂ ਗੱਡੀ ਚੜ੍ਹਾਈ, ਫਿਰ ਬੈਕ ਕਰਕੇ ਦੁਬਾਰਾ ਦਰੜਿਆ
ਲੋਕਾਂ ਮੁਤਾਬਕ ਜਦੋਂ ਕਾਰ ਚਾਲਕ ਨੇ ਅਣਗਹਿਲੀ ਨਾਲ ਗੱਡੀ ਨੌਜਵਾਨ ਉੱਪਰ ਚੜ੍ਹਾਈ, ਤਾਂ ਛਣਕੂ ਦੇ ਚੀਕਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਅਤੇ ਆਟੋ ਚਾਲਕਾਂ ਨੇ ਰੌਲਾ ਪਾਇਆ। ਕਾਰ ਚਾਲਕ ਨੂੰ ਜਦੋਂ ਪਤਾ ਲੱਗਾ ਕਿ ਕੋਈ ਗੱਡੀ ਹੇਠ ਆ ਗਿਆ ਹੈ, ਤਾਂ ਉਸ ਨੇ ਨੌਜਵਾਨ ਨੂੰ ਬਾਹਰ ਕੱਢਣ ਦੀ ਬਜਾਏ ਘਬਰਾਹਟ ਵਿੱਚ ਗੱਡੀ ਬੈਕ (Back Gear) ਕਰ ਦਿੱਤੀ। ਇਸ ਦੌਰਾਨ ਗੱਡੀ ਦੂਜੀ ਵਾਰ ਨੌਜਵਾਨ ਦੇ ਉੱਪਰੋਂ ਲੰਘ ਗਈ, ਜਿਸ ਨਾਲ ਉਸ ਦੀ ਹਾਲਤ ਹੋਰ ਵਿਗੜ ਗਈ।
ਕਾਰ ਚਾਲਕ ਕਾਬੂ, ਪੁਲਿਸ ਦੀ ਚੁੱਪ
ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਕਾਰ ਚਾਲਕ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਹਾਲਾਂਕਿ, ਇਸ ਮਾਮਲੇ ਵਿੱਚ ਜਦੋਂ ਥਾਣਾ ਜੀ.ਆਰ.ਪੀ. (GRP) ਦੇ ਮੁੱਖ ਅਫ਼ਸਰ ਜਤਿੰਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨੇ ਫ਼ੋਨ ਦਾ ਕੋਈ ਜਵਾਬ ਨਹੀਂ ਦਿੱਤਾ। ਫਿਲਹਾਲ ਜ਼ਖ਼ਮੀ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ।