ਲੁਧਿਆਣਾ 'ਚ ਅੱਧੀ ਰਾਤ ਨੂੰ ਗੁੰਡਾਗਰਦੀ: ਪਾਰਕਿੰਗ ਪਿੱਛੇ ਚੱਲੀ ਪਿਸਤੌਲ, ਬਦਮਾਸ਼ਾਂ ਨੇ ਪਿਸਤੌਲ ਦੇ ਬੱਟ ਮਾਰ ਕੇ ਦੋ ਭਰਾਵਾਂ ਦੇ ਸਿਰ ਪਾੜੇ
ਜਦੋਂ ਜ਼ਖਮੀ ਨੌਜਵਾਨਾਂ ਨੇ ਰੌਲਾ ਪਾਇਆ ਤਾਂ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਭੱਜਦਿਆਂ ਜਲਦਬਾਜ਼ੀ ਵਿੱਚ ਬਦਮਾਸ਼ਾਂ ਦੀ ਦੇਸੀ ਪਿਸਤੌਲ ਜ਼ਮੀਨ 'ਤੇ ਹੀ ਡਿੱਗ ਪਈ। ਜ਼ਖਮੀ ਜਤਿਨ ਅਤੇ ਰਾਹੁਲ ਨੂੰ ਲੁਧਿਆਣਾ ਦੇ ਸੋਬਤੀ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
Publish Date: Tue, 24 Feb 2026 12:03 PM (IST)
Updated Date: Tue, 24 Feb 2026 12:06 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਦੇ ਰੇਲਵੇ ਸਟੇਸ਼ਨ ਨੇੜੇ ਪਾਰਕਿੰਗ ਵਿੱਚ ਮੋਟਰਸਾਈਕਲ ਲਗਾਉਣ ਵਰਗੀ ਮਾਮੂਲੀ ਗੱਲ ਤੋਂ ਸ਼ੁਰੂ ਹੋਈ ਬਹਿਸ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ, ਜਦੋਂ ਦੋ ਬਦਮਾਸ਼ਾਂ ਨੇ ਪਿਸਤੌਲ ਕੱਢ ਕੇ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਿਸਤੌਲ ਦੇ ਬੱਟ ਅਤੇ ਡੰਡਿਆਂ ਨਾਲ ਇਲੈਕਟਰੀਸ਼ਨ ਜਤਿਨ ਸ਼ਰਮਾ ਅਤੇ ਉਸਦੇ ਭਰਾ ਦੇ ਸਿਰ ਵਿੱਚ ਗੰਭੀਰ ਸੱਟਾਂ ਮਾਰੀਆਂ।
ਈਸ਼ਰ ਨਗਰ ਦੇ ਰਹਿਣ ਵਾਲੇ ਜਤਿਨ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਕਰੀਬ 2:30 ਵਜੇ ਉਹ ਆਪਣੇ ਭਰਾ ਰਾਹੁਲ ਸ਼ਰਮਾ ਅਤੇ ਦੋਸਤ ਸੂਰਜ ਕੁਮਾਰ ਨਾਲ ਰੇਲਵੇ ਸਟੇਸ਼ਨ ਨੇੜੇ ਪਾਰਕਿੰਗ ਵਿੱਚ ਮੋਟਰਸਾਈਕਲ ਲਗਾ ਰਿਹਾ ਸੀ। ਉੱਥੇ ਮੌਜੂਦ ਦੋ ਲੜਕਿਆਂ ਨਾਲ ਮੋਟਰਸਾਈਕਲ ਖੜ੍ਹਾ ਕਰਨ ਨੂੰ ਲੈ ਕੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਮੁਲਜ਼ਮਾਂ ਨੇ ਦੇਸੀ ਪਿਸਤੌਲ ਕੱਢ ਲਈ ਅਤੇ ਦੋਵਾਂ ਭਰਾਵਾਂ ਦੇ ਸਿਰ ਵਿੱਚ ਪਿਸਤੌਲ ਦੇ ਬੱਟ ਅਤੇ ਡੰਡਿਆਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਬਦਮਾਸ਼ਾਂ ਦੀ ਪਿਸਤੌਲ ਮੌਕੇ 'ਤੇ ਡਿੱਗੀ
ਜਦੋਂ ਜ਼ਖਮੀ ਨੌਜਵਾਨਾਂ ਨੇ ਰੌਲਾ ਪਾਇਆ ਤਾਂ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਭੱਜਦਿਆਂ ਜਲਦਬਾਜ਼ੀ ਵਿੱਚ ਬਦਮਾਸ਼ਾਂ ਦੀ ਦੇਸੀ ਪਿਸਤੌਲ ਜ਼ਮੀਨ 'ਤੇ ਹੀ ਡਿੱਗ ਪਈ। ਜ਼ਖਮੀ ਜਤਿਨ ਅਤੇ ਰਾਹੁਲ ਨੂੰ ਲੁਧਿਆਣਾ ਦੇ ਸੋਬਤੀ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਲਿਸ ਦੀ ਕਾਰਵਾਈ
ਥਾਣਾ ਕੋਤਵਾਲੀ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਦੇਸੀ ਪਿਸਤੌਲ ਬਰਾਮਦ ਕਰ ਲਿਆ ਹੈ। ਜਤਿਨ ਸ਼ਰਮਾ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾ ਸਕੇ।