ਅੰਨਦਾਤੇ ਦੀ ਮੁਸ਼ਕਿਲ ’ਤੇ ਸਰਕਾਰ ਦੀ ਨਿਗਾਹ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਬੋਲੇ- FCI ਵੱਲੋਂ ਕਣਕ ਖਰੀਦ ਨਿਯਮਾਂ 'ਚ ਢਿੱਲ ਦੀ ਸਿਫਾਰਸ਼
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਫਸੀਆਈ ਵੱਲੋਂ ਕਣਕ ਦੀ ਖਰੀਦ ਲਈ ਨਿਯਮਾਂ ਵਿੱਚ ਢਿੱਲ ਦੇਣ ਦੀ ਸਿਫਾਰਸ਼ ਕੀਤੀ ਗਈ ਹੈ, ਤਾਂ ਜੋ ਮੀਂਹ ਨਾਲ ਪ੍ਰਭਾਵਿਤ ਫ਼ਸਲ ਨੂੰ ਵੀ ਮੰਡੀਆਂ ਵਿੱਚ ਸਹਿਜੀ ਨਾਲ ਖਰੀਦਿਆ ਜਾ ਸਕੇ।
Publish Date: Sat, 18 Apr 2026 10:49 AM (IST)
Updated Date: Sat, 18 Apr 2026 10:52 AM (IST)
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਪੰਜਾਬ ਵਿੱਚ ਹਾਲ ਹੀ ਦੌਰਾਨ ਪਏ ਬੇਮੌਸਮੀ ਮੀਂਹ ਨੇ ਕਣਕ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਕਈ ਥਾਵਾਂ ’ਤੇ ਫ਼ਸਲ ਦੇ ਰੰਗ ਅਤੇ ਗੁਣਵੱਤਾ ਵਿੱਚ ਆਈ ਕਮੀ ਕਾਰਨ ਕਿਸਾਨ ਚਿੰਤਿਤ ਨਜ਼ਰ ਆ ਰਹੇ ਹਨ। ਇਸ ਸਥਿਤੀ ਨੂੰ ਦੇਖਦਿਆਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਕਦਮ ਚੁੱਕੇ ਜਾ ਰਹੇ ਹਨ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਫਸੀਆਈ ਵੱਲੋਂ ਕਣਕ ਦੀ ਖਰੀਦ ਲਈ ਨਿਯਮਾਂ ਵਿੱਚ ਢਿੱਲ ਦੇਣ ਦੀ ਸਿਫਾਰਸ਼ ਕੀਤੀ ਗਈ ਹੈ, ਤਾਂ ਜੋ ਮੀਂਹ ਨਾਲ ਪ੍ਰਭਾਵਿਤ ਫ਼ਸਲ ਨੂੰ ਵੀ ਮੰਡੀਆਂ ਵਿੱਚ ਸਹਿਜੀ ਨਾਲ ਖਰੀਦਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਨਿਰਵਿਘਨ ਤਰੀਕੇ ਨਾਲ ਖਰੀਦਿਆ ਜਾਵੇ।
ਮੰਤਰੀ ਬਿੱਟੂ ਨੇ ਹੋਰ ਦੱਸਿਆ ਕਿ ਮੰਡੀਆਂ ਵਿੱਚ ਪ੍ਰਬੰਧ ਮਜ਼ਬੂਤ ਕਰਨ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨ੍ਹਾਂ ਘਬਰਾਏ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਆਉਣ, ਕਿਉਂਕਿ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।
ਕਿਸਾਨ ਵਰਗ ਨੇ ਵੀ ਇਸ ਕਦਮ ਨੂੰ ਸਵਾਗਤਯੋਗ ਕਰਾਰ ਦਿੰਦਿਆਂ ਉਮੀਦ ਜਤਾਈ ਹੈ ਕਿ ਨਿਯਮਾਂ ਵਿੱਚ ਢਿੱਲ ਨਾਲ ਉਨ੍ਹਾਂ ਨੂੰ ਹੋ ਰਹੇ ਨੁਕਸਾਨ ਵਿੱਚ ਕੁਝ ਹੱਦ ਤੱਕ ਰਾਹਤ ਮਿਲੇਗੀ।