ਬੇਜ਼ੁਬਾਨ 'ਤੇ ਕਹਿਰ! ਪਹਿਲਾਂ ਰੱਸੀ ਨਾਲ ਬੰਨ੍ਹਿਆ ਮੂੰਹ ਤੇ ਫਿਰ ਗੰਡਾਸਿਆਂ ਨਾਲ ਕੁੱਟਿਆ ਬਲਦ, ਮੁਲਜ਼ਮ ਗ੍ਰਿਫਤਾਰ; ਪੜ੍ਹੋ ਦਿਲ ਕੰਬਾਊ ਖ਼ਬਰ
ਦੋਵਾਂ ਨੇ ਸਵੇਰੇ 8 ਵਜੇ ਪਿੰਡ ਵਿੱਚ ਘੁੰਮ ਰਹੇ ਇੱਕ ਅਵਾਰਾ ਬਲਦ ਨੂੰ ਫੜ ਲਿਆ। ਦੋਵਾਂ ਨੇ ਉਸ ਦਾ ਮੂੰਹ ਰੱਸੀ ਨਾਲ ਬੰਨ੍ਹਿਆ ਅਤੇ ਉਸ ਉੱਪਰ ਲੋਹੇ ਦੇ ਗੰਡਾਸੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲਹੂ ਲੁਹਾਨ ਹੋ ਕੇ ਬੇਜ਼ੁਬਾਨ ਜ਼ਮੀਨ 'ਤੇ ਡਿੱਗ ਪਿਆ ਪਰ ਹੈਵਾਨ ਬਣੇ ਇਨ੍ਹਾਂ ਵਿਅਕਤੀਆਂ ਦੇ ਦਿਲ ਵਿੱਚ ਦਇਆ ਨਹੀਂ ਆਈ।
Publish Date: Mon, 05 Jan 2026 01:59 PM (IST)
Updated Date: Mon, 05 Jan 2026 02:10 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦੇਣ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਪਿਓ-ਪੁੱਤ ਨੇ ਅਵਾਰਾ ਬਲਦ ਦਾ ਰੱਸੀ ਨਾਲ ਮੂੰਹ ਬੰਨ੍ਹ ਕੇ ਗੰਡਾਸੇ ਨਾਲ ਇੰਨੀ ਬੁਰੀ ਤਰ੍ਹਾਂ ਵਾਰ ਕੀਤੇ ਕਿ ਬੇਜ਼ੁਬਾਨ ਲਹੂ ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਬਲਦ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਪਿਓ-ਪੁੱਤ ਕਾਨੂੰਨੀ ਕਾਰਵਾਈ ਤੋਂ ਘਬਰਾ ਗਏ ਅਤੇ ਬੇਜ਼ੁਬਾਨ ਨੂੰ ਖੁਦ ਹੀ ਲੁਧਿਆਣਾ ਦੀ ਵੈਟਨਰੀ ਯੂਨੀਵਰਸਿਟੀ ਵਿੱਚ ਲੈ ਗਏ। ਗੰਭੀਰ ਰੂਪ ਵਿੱਚ ਜ਼ਖਮੀ ਹੋਏ ਬਲਦ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਆਸੀ ਕਲਾ ਦੇ ਰਹਿਣ ਵਾਲੇ ਗੱਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਧਰਮਿੰਦਰ ਸਿੰਘ ਅਤੇ ਉਸਦਾ ਪਿਤਾ ਹਰਨੇਕ ਸਿੰਘ ਪਿੰਡ ਵਿੱਚ ਆਪਣਾ ਦਬਦਬਾ ਬਣਾਉਣ ਲਈ ਅਕਸਰ ਦੂਸਰਿਆਂ ਨੂੰ ਤੰਗ ਕਰਦੇ ਰਹਿੰਦੇ ਹਨ। ਦੋਵਾਂ ਨੇ ਸਵੇਰੇ 8 ਵਜੇ ਪਿੰਡ ਵਿੱਚ ਘੁੰਮ ਰਹੇ ਇੱਕ ਅਵਾਰਾ ਬਲਦ ਨੂੰ ਫੜ ਲਿਆ। ਦੋਵਾਂ ਨੇ ਉਸ ਦਾ ਮੂੰਹ ਰੱਸੀ ਨਾਲ ਬੰਨ੍ਹਿਆ ਅਤੇ ਉਸ ਉੱਪਰ ਲੋਹੇ ਦੇ ਗੰਡਾਸੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ। ਲਹੂ ਲੁਹਾਨ ਹੋ ਕੇ ਬੇਜ਼ੁਬਾਨ ਜ਼ਮੀਨ 'ਤੇ ਡਿੱਗ ਪਿਆ ਪਰ ਹੈਵਾਨ ਬਣੇ ਇਨ੍ਹਾਂ ਵਿਅਕਤੀਆਂ ਦੇ ਦਿਲ ਵਿੱਚ ਦਇਆ ਨਹੀਂ ਆਈ। ਮੁਲਜ਼ਮਾਂ ਨੇ ਗੰਡਾਸੇ ਨਾਲ ਵਾਰ ਕਰਕੇ ਬਲਦ ਦੀ ਰੀੜ ਦੀ ਹੱਡੀ ਤੋੜ ਦਿੱਤੀ। ਇਸੇ ਦੌਰਾਨ ਕਿਸੇ ਨੇ ਮੁਲਜ਼ਮ ਨੂੰ ਆਖਿਆ ਕਿ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਮੁਲਜ਼ਮ ਇਸ ਗੱਲ ਤੋਂ ਇੰਨੇ ਜ਼ਿਆਦਾ ਘਬਰਾ ਗਏ ਕਿ ਉਹ ਬੇਜ਼ੁਬਾਨ ਨੂੰ ਖੁਦ ਹੀ ਵੈਟਨਰੀ ਹਸਪਤਾਲ ਲੈ ਗਏ ਅਤੇ ਹਾਦਸਾ ਹੋਣ ਦੀ ਝੂਠੀ ਕਹਾਣੀ ਘੜ ਦਿੱਤੀ। ਗੰਭੀਰ ਰੂਪ ਵਿੱਚ ਫੱਟੜ ਹੋਏ ਬੇਜ਼ੁਬਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਹਲੋ ਦੇ ਏਐਸਆਈ ਧਰਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਆਸੀ ਕਲਾਂ ਦੇ ਰਹਿਣ ਵਾਲੇ ਗੱਜਨ ਸਿੰਘ ਦੀ ਸ਼ਿਕਾਇਤ ਤੇ ਆਸੀ ਕਲਾਂ ਦੇ ਵਾਸੀ ਧਰਮਿੰਦਰ ਸਿੰਘ ਅਤੇ ਉਸਦੇ ਪਿਤਾ ਹਰਨੇਕ ਸਿੰਘ ਦੇ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਧਰਮਿੰਦਰ ਨੂੰ ਗ੍ਰਿਫਤਾਰ ਕਰ ਲਿਆ ਹੈ।