ਫਿਰੋਜ਼ਪੁਰ ’ਚ ਬਰਾੜ ਹੁੰਡਾਈ ਨਾਲ ਲੱਖਾਂ ਦੀ ਧੋਖਾਧੜੀ, ਮੈਨੇਜਰ ਨੇ ਪਰਿਵਾਰ ਨਾਲ ਮਿਲ ਕੇ ਮਾਰੀ 11 ਲੱਖ ਦੀ ਠੱਗੀ
ਪੁਲਿਸ ਪੜਤਾਲ ਵਿਚ ਇਹ ਵੀ ਪਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਬਰਾੜ ਹੁੰਡਾਈ ਦੇ ਗਾਹਕਾਂ ਦਾ ਗੁਪਤ ਡਾਟਾ ਚੋਰੀ ਕੀਤਾ ਅਤੇ ਉਸ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕੀਤੀ। ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਥਾਣਾ ਕੁੱਲਗੜ੍ਹੀ ਵਿਖੇ ਤਿੰਨਾਂ ਮੁਲਜ਼ਮਾਂ ਸ਼ਮਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਅਮਨਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਸੁਨੀਤਾ ਰਾਣੀ ਪਤਨੀ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Publish Date: Fri, 20 Mar 2026 12:07 PM (IST)
Updated Date: Fri, 20 Mar 2026 12:13 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦਿਹਾਤੀ ਪੁਲਿਸ ਨੇ ‘ਬਰਾੜ ਹੁੰਡਾਈ’ (ਬਰਾੜ ਆਟੋ ਮੋਟਿਵ) ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਕੰਪਨੀ ਦੇ ਹੀ ਇਕ ਇੰਸ਼ੋਰੈਂਸ ਮੈਨੇਜਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ 406, 477-ਏ, 120-ਬੀ, ਆਈਪੀਸੀ 43, 66, 72 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਡੀਐੱਸਪੀ ਫਿਰੋਜ਼ਪੁਰ ਦਿਹਾਤੀ ਵੱਲੋਂ ਕੀਤੀ ਗਈ ਇਕ ਲੰਮੀ ਪੜਤਾਲੀਆ ਰਿਪੋਰਟ ਨੰਬਰ 974-ਪੀਸੀ-ਆਰ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਨੇ ਦੱਸਿਆ ਕਿ ਅਮਨਦੀਪ ਸਿੰਘ ਵਾਸੀ ਮੋਗਾ (ਬਰਾੜ ਹੁੰਡਾਈ) ਵੱਲੋਂ ਅਗਸਤ 2025 ਵਿਚ ਦਿੱਤੀ ਗਈ ਇਕ ਸ਼ਿਕਾਇਤ ਦੀ ਜਾਂਚ ਡੀਐੱਸਪੀ ਫਿਰੋਜ਼ਪੁਰ ਦਿਹਾਤੀ ਕਰਨ ਸ਼ਰਮਾ ਵੱਲੋਂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ੋਅਰੂਮ ਵਿਚ ਬਤੌਰ ਇੰਸ਼ੋਰੈਂਸ ਮੈਨੇਜਰ ਤੈਨਾਤ ਸ਼ਮਿੰਦਰ ਸਿੰਘ ਵਾਸੀ ਰਣਜੀਤਗੜ੍ਹ, ਸ੍ਰੀ ਮੁਕਤਸਰ ਸਾਹਿਬ ਨੇ ਕੰਪਨੀ ਦੇ ਭਰੋਸੇ ਦਾ ਫਾਇਦਾ ਉਠਾਉਂਦਿਆਂ ਵੱਡਾ ਗਬਨ ਕੀਤਾ ਹੈ। ਸ਼ਮਿੰਦਰ ਸਿੰਘ ਨੇ ਆਪਣੇ ਭਰਾ ਅਮਨਪ੍ਰੀਤ ਸਿੰਘ ਦੀ ਮਦਦ ਨਾਲ ਕੰਪਨੀ ਦੇ ਇੰਸ਼ੋਰੈਂਸ ਪੋਰਟਲ ਦੀ ਵਰਤੋਂ ਕਰਦਿਆਂ ਵੱਖ-ਵੱਖ 69 ਗਾਹਕਾਂ ਦੀਆਂ ਬੀਮਾ ਪਾਲਸੀਆਂ ਕੀਤੀਆਂ। ਇਨ੍ਹਾਂ ਪਾਲਿਸੀਆਂ ਦੀ 11,29,281 ਰੁਪਏ ਦੀ ਰਕਮ ਕੰਪਨੀ ਦੇ ਖਾਤੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ, ਮੁਲਜ਼ਮਾਂ ਨੇ ਆਪਣੇ ਨਿੱਜੀ ਖਾਤਿਆਂ ਵਿਚ ਟਰਾਂਸਫਰ ਕਰ ਲਈ। ਬਾਅਦ ਵਿਚ ਇਹ ਰਾਸ਼ੀ ਉਨ੍ਹਾਂ ਦੀ ਮਾਤਾ ਸੁਨੀਤਾ ਰਾਣੀ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਗਈ। ਪੁਲਿਸ ਪੜਤਾਲ ਵਿਚ ਇਹ ਵੀ ਪਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਬਰਾੜ ਹੁੰਡਾਈ ਦੇ ਗਾਹਕਾਂ ਦਾ ਗੁਪਤ ਡਾਟਾ ਚੋਰੀ ਕੀਤਾ ਅਤੇ ਉਸ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕੀਤੀ। ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਥਾਣਾ ਕੁੱਲਗੜ੍ਹੀ ਵਿਖੇ ਤਿੰਨਾਂ ਮੁਲਜ਼ਮਾਂ ਸ਼ਮਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਅਮਨਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਸੁਨੀਤਾ ਰਾਣੀ ਪਤਨੀ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।