- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਤਾਇਨਾਤ ਹੋ ਚੁੱਕੇ ਕਰਮਚਾਰੀਆਂ ਲਈ ਵੀ ਰਿਹਾਇਸ਼ੀ ਇੰਤਜ਼ਾਮ ਨਹੀਂ ਕੀਤਾ ਗਿਆ। ਹਵਾਈ ਅੱਡੇ ਦੀ ਸੁਰੱਖਿਆ ਵਿਚ ਡਿਊਟੀ ਲੱਗੇ ਪੰਜਾਬ ਪੁਲਿਸ ਦੇ ਸਾਰੇ ਕਰਮਚਾਰੀ ਹੁਣ ਵੀ ਸੁਧਾਰ ਬਜ਼ਾਰ ਵਿਚ ਸਥਿਤ ਡਾ. ਭੀਮ ਰਾਓ ਅੰਬੇਡਕਰ ਭਵਨ ਵਿਚ ਰਹਿ ਰਹੇ ਹਨ, ਜੋ ਇਸ ਹਵਾਈ ਅੱਡੇ ਤੋਂ ਕਈ ਕਿਲੋਮੀਟਰ ਦੂਰ ਹੈ।

ਅਮਰਜੀਤ ਸਿੰਘ ਅਕਾਲਗੜ੍ਹ ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਏਅਰ ਇੰਡੀਆ ਨੇ ਆਪਣੀ ਵੈੱਬਸਾਈਟ ’ਤੇ ਮੰਜ਼ਿਲ ਵਜੋਂ ਸ਼ਾਮਲ ਕਰ ਲਿਆ ਹੈ ਅਤੇ ਦਿੱਲੀ (ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ) ਨਾਲ ਸਿੱਧੀਆਂ ਉਡਾਣਾਂ ਦੇ ਵਿਕਲਪ ਵੀ ਦਿਖਾਏ ਜਾ ਰਹੇ ਹਨ। ਹਲਵਾਰਾ ਤੋਂ ਦਿੱਲੀ ਤੱਕ ਦਾ ਹਵਾਈ ਸਫ਼ਰ ਦਾ ਕਿਰਾਇਆ 6400 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਯਾਤਰਾ ਸਮਾਂ ਲਗਪਗ 60-80 ਮਿੰਟ ਦੱਸਿਆ ਜਾ ਰਿਹਾ ਹੈ ਪਰ ਅਜੇ ਵੀ ਟਿਕਟ ਬੁਕਿੰਗ ਸੰਭਵ ਨਹੀਂ ਹੈ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਵਰਚੁਅਲ ਤੌਰ ’ਤੇ ਉਦਘਾਟਨ ਕੀਤਾ ਗਿਆ ਸੀ ਅਤੇ ਏਅਰ ਇੰਡੀਆ ਨੇ ਏਅਰਬੱਸ 1320 ਜਹਾਜ਼ ਨੂੰ ਇਸ ਰੂਟ ਲਈ ਤਾਇਨਾਤ ਕੀਤਾ ਹੈ, ਜੋ 180 ਯਾਤਰੀਆਂ ਤੱਕ ਲਿਜਾ ਸਕਦਾ ਹੈ। ਏਅਰ ਇੰਡੀਆ ਦੀ ਟੀਮ ਨੇ ਫਰਵਰੀ ਮਹੀਨੇ ਦੇ ਅੱਧ ਵਿੱਚ ਹਲਵਾਰਾ ਹਵਾਈ ਅੱਡੇ ਦਾ ਦੌਰਾ ਕੀਤਾ ਸੀ ਅਤੇ ਟਰਮੀਨਲ ਸਹੂਲਤਾਂ ਦਾ ਜਾਇਜ਼ਾ ਲਿਆ ਸੀ। ਹਵਾਈ ਅੱਡੇ ’ਤੇ 20 ਤੋਂ ਵੱਧ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਜਾਣ ਵਾਲਾ ਹੈ, ਜਿਨ੍ਹਾਂ ਵਿੱਚ 15-16 ਜ਼ਮੀਨੀ ਅਮਲਾ ਸ਼ਾਮਲ ਹੈ। ਹਾਲਾਂਕਿ ਇਨ੍ਹਾਂ ਏਅਰ ਅਥਾਰਟੀ ਸਟਾਫ਼ ਲਈ ਅਜੇ ਤੱਕ ਕੋਈ ਰਿਹਾਇਸ਼ੀ ਪ੍ਰਬੰਧ ਨਹੀਂ ਹੋ ਸਕਿਆ।
ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਤਾਇਨਾਤ ਹੋ ਚੁੱਕੇ ਕਰਮਚਾਰੀਆਂ ਲਈ ਵੀ ਰਿਹਾਇਸ਼ੀ ਇੰਤਜ਼ਾਮ ਨਹੀਂ ਕੀਤਾ ਗਿਆ। ਹਵਾਈ ਅੱਡੇ ਦੀ ਸੁਰੱਖਿਆ ਵਿਚ ਡਿਊਟੀ ਲੱਗੇ ਪੰਜਾਬ ਪੁਲਿਸ ਦੇ ਸਾਰੇ ਕਰਮਚਾਰੀ ਹੁਣ ਵੀ ਸੁਧਾਰ ਬਜ਼ਾਰ ਵਿਚ ਸਥਿਤ ਡਾ. ਭੀਮ ਰਾਓ ਅੰਬੇਡਕਰ ਭਵਨ ਵਿਚ ਰਹਿ ਰਹੇ ਹਨ, ਜੋ ਇਸ ਹਵਾਈ ਅੱਡੇ ਤੋਂ ਕਈ ਕਿਲੋਮੀਟਰ ਦੂਰ ਹੈ।
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਲੌਜਿਸਟਿਕ ਅਤੇ ਬੁਨਿਆਦੀ ਪ੍ਰਬੰਧ ਅਜੇ ਬਾਕੀ ਹਨ। ਇਨ੍ਹਾਂ ਲੋੜੀਂਦੀਆਂ ਵਿਵਸਥਾਵਾਂ ਦੀ ਘਾਟ ਕਾਰਨ ਹੀ ਇੱਥੋਂ ਉਡਾਣਾਂ ਸ਼ੁਰੂ ਹੋਣ ਦੀ ਗੱਲ ਅਜੇ ਦੂਰ ਲੱਗ ਰਹੀ ਹੈ। ਪਿਛਲੇ ਦਿਨਾਂ ਵਿਚ ਇੱਕ ਟਰਾਇਲ ਉਡਾਣ ਦੀ ਚਰਚਾ ਵੀ ਚੱਲੀ ਸੀ, ਜਿਸ ਨੂੰ ਏਅਰ ਅਥਾਰਟੀ ਵੱਲੋਂ ਦਿੱਲੀ ਤੱਕ ਟਰਾਇਲ ਲੈਣ ਲਈ ਉਡਾਇਆ ਗਿਆ ਦੱਸਿਆ ਜਾ ਰਿਹਾ ਸੀ, ਪਰ ਏਅਰ ਅਥਾਰਟੀ ਦੇ ਸੀਨੀਅਰ ਅਧਿਕਾਰੀ ਜਗੀਰ ਸਿੰਘ ਨੇ ਇਸ ਉਡਾਣ ਦੀ ਪੁਸ਼ਟੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਡਾਣਾਂ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।
ਏਅਰਪੋਰਟ ਅਥਾਰਟੀ ਆਫ ਇੰਡੀਆ (119) ਅਤੇ ਹੋਰ ਅਧਿਕਾਰੀਆਂ ਅਨੁਸਾਰ, ਨਵੀਆਂ ਉਡਾਣਾਂ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (4731) ਵੱਲੋਂ ਜਾਰੀ ਗਰਮੀਆਂ ਦੇ ਸਮਾਂ-ਸਾਰਣੀ (ਸਮਰ ਸ਼ਡਿਊਲ) ਨਾਲ ਜੁੜੀਆਂ ਹਨ, ਜੋ 28 ਮਾਰਚ ਤੋਂ ਲਾਗੂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੈ। ਤਜਵੀਜ਼ੀ ਸਮਾਂ-ਸਾਰਣੀ ਅਨੁਸਾਰ ਸਵੇਰੇ ਦੀ ਉਡਾਣ ਹਲਵਾਰਾ ਵਿੱਚ 7 ਵਜੇ ਪਹੁੰਚੇਗੀ ਅਤੇ 7.40 ਵਜੇ ਦਿੱਲੀ ਲਈ ਰਵਾਨਾ ਹੋਵੇਗੀ, ਜਦਕਿ ਦੁਪਹਿਰ ਦੀ ਉਡਾਣ ਦੁਪਹਿਰ 2.35 ਵਜੇ ਪਹੁੰਚੇਗੀ ਅਤੇ 3.40 ਵਜੇ ਰਵਾਨਾ ਹੋਵੇਗੀ।
ਇਹ ਸਮਾਂ ਸਮਰ ਸ਼ਡਿਊਲ ਨਾਲ ਥੋੜ੍ਹਾ ਬਦਲ ਸਕਦਾ ਹੈ। ਰੂਟ ’ਤੇ ਦੋ ਰੋਜ਼ਾਨਾ ਉਡਾਣਾਂ ਦੀ ਯੋਜਨਾ ਹੈ। ਲੁਧਿਆਣਾ ਦੇ ਉਦਯੋਗਪਤੀਆਂ, ਵਪਾਰੀਆਂ ਅਤੇ ਨਿਵਾਸੀਆਂ ਲਈ ਇਹ ਇੱਕ ਵੱਡੀ ਰਾਹਤ ਹੋਵੇਗੀ, ਕਿਉਂਕਿ ਇਸ ਨਾਲ ਦਿੱਲੀ ਰਾਹੀਂ ਗਲੋਬਲ ਕੁਨੈਕਟੀਵਿਟੀ ਵਧੇਗੀ ਅਤੇ ਅੱਧੇ ਦਿਨ ਦੀ ਸੜਕ, ਰੇਲ ਯਾਤਰਾ ਤੋਂ ਛੁਟਕਾਰਾ ਮਿਲੇਗਾ। ਏਅਰ ਇੰਡੀਆ ਅਤੇ ਸਬੰਧਤ ਅਥਾਰਟੀਆਂ ਤੋਂ ਅਧਿਕਾਰਤ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬੁਕਿੰਗ ਖੋਲ੍ਹੀ ਜਾਵੇਗੀ।