- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਮੇਤ ਪੂਰੇ ਦੇਸ਼ ’ਚ ਲੈਪਟਾਪ ਤੇ ਪੀਸੀ ਬਾਜ਼ਾਰ ਗੰਭੀਰ ਸ਼ਾਰਟੇਜ਼ ਅਤੇ ਲਗਾਤਾਰ ਵਧਦੀਆਂ ਕੀਮਤਾਂ ਦੀ ਦੋਹਰੀ ਮਾਰ ਸਹਿ ਰਿਹਾ ਹੈ। ਹਾਲਾਤ ਇਸ ਤਰ੍ਹਾਂ ਦੇ ਹਨ ਕਿ ਮੰਗ ਤੇ ਸਪਲਾਈ ਵਿਚਕਾਰ ਵਧਦਾ ਫਰਕ ਨਾ ਸਿਰਫ ਉਪਭੋਗਤਾਵਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਸਗੋਂ ਕੰਪਿਊਟਰ ਵਪਾਰ ਤੇ ਰਿਟੇਲ ਸੈਕਟਰ ਦੀ ਚਿੰਤਾ ਵੀ ਵਧਾ ਰਿਹਾ ਹੈ।

ਮੁਨੀਸ਼ ਸ਼ਰਮਾ, ਜਾਗਰਣ, ਲੁਧਿਆਣਾ : ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦਾ ਤੇਜ਼ੀ ਨਾਲ ਹੋ ਰਿਹਾ ਵਿਸਥਾਰ ਜਿੱਥੇ ਤਕਨੀਕੀ ਦੁਨੀਆ ’ਚ ਨਵੇਂ ਆਯਾਮ ਪੈਦਾ ਕਰ ਰਿਹਾ ਹੈ, ਉਥੇ ਇਸ ਦਾ ਸਿੱਧਾ ਅਸਰ ਹੁਣ ਆਮ ਉਪਭੋਗਤਾ ਦੀ ਜੇਬ 'ਤੇ ਵੀ ਦਿਖਾਈ ਦੇਣ ਲੱਗਾ ਹੈ। ਪੰਜਾਬ ਸਮੇਤ ਪੂਰੇ ਦੇਸ਼ ’ਚ ਲੈਪਟਾਪ ਤੇ ਪੀਸੀ ਬਾਜ਼ਾਰ ਗੰਭੀਰ ਸ਼ਾਰਟੇਜ਼ ਅਤੇ ਲਗਾਤਾਰ ਵਧਦੀਆਂ ਕੀਮਤਾਂ ਦੀ ਦੋਹਰੀ ਮਾਰ ਸਹਿ ਰਿਹਾ ਹੈ। ਹਾਲਾਤ ਇਸ ਤਰ੍ਹਾਂ ਦੇ ਹਨ ਕਿ ਮੰਗ ਤੇ ਸਪਲਾਈ ਵਿਚਕਾਰ ਵਧਦਾ ਫਰਕ ਨਾ ਸਿਰਫ ਉਪਭੋਗਤਾਵਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਸਗੋਂ ਕੰਪਿਊਟਰ ਵਪਾਰ ਤੇ ਰਿਟੇਲ ਸੈਕਟਰ ਦੀ ਚਿੰਤਾ ਵੀ ਵਧਾ ਰਿਹਾ ਹੈ।
ਜਾਣਕਾਰਾਂ ਅਨੁਸਾਰ ਏਆਈ ਆਧਾਰਿਤ ਐਪਲੀਕੇਸ਼ਨ, ਸਾਫਟਵੇਅਰ ਤੇ ਆਟੋਮੇਸ਼ਨ ਨੂੰ ਲਾਗੂ ਕਰਨ ਲਈ ਦੇਸ਼-ਵਿਦੇਸ਼ ’ਚ ਵੱਡੇ ਪੈਮਾਨੇ 'ਤੇ ਡਾਟਾ ਸੈਂਟਰ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਡਾਟਾ ਸੈਂਟਰਾਂ ’ਚ ਭਾਰੀ ਮਾਤਰਾ ’ਚ ਮੈਮੋਰੀ, ਹਾਰਡ ਡਿਸਕ, ਸਟੋਰੇਜ਼ ਡਿਵਾਈਸ ਤੇ ਹੋਰ ਅਹਿਮ ਪੁਰਜ਼ਿਆਂ ਦੀ ਲੋੜ ਪੈ ਰਹੀ ਹੈ। ਨਤੀਜੇ ਵਜੋਂ ਇਨ੍ਹਾਂ ਪੁਰਜ਼ਿਆਂ ਦੀ ਉਪਲਬਧਤਾ ਆਮ ਬਾਜ਼ਾਰ ਲਈ ਸੀਮਤ ਹੋ ਗਈ ਹੈ, ਜਿਸ ਦਾ ਸਿੱਧਾ ਅਸਰ ਲੈਪਟਾਪ ਤੇ ਪੀਸੀ ਦੇ ਉਤਪਾਦਨ 'ਤੇ ਪੈ ਰਿਹਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ’ਚ ਲੈਪਟਾਪ ਤੇ ਡੈਸਕਟਾਪ ਵਿਚ ਏ.ਆਈ. ਫੀਚਰਾਂ ਨੂੰ ਮਿਆਰੀ ਬਣਾਉਣ ਦੀ ਤਿਆਰੀ ਚੱਲ ਰਹੀ ਹੈ।
ਕੀਮਤਾਂ ਵਧੀਆਂ, ਉਤਪਾਦਾਂ ਦੀ ਉਪਲਬਧਤਾ ਘਟੀ
ਏ.ਆਈ. ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਵੱਧ ਰੈਮ, ਪਾਵਰਫੁੱਲ ਪ੍ਰੋਸੈਸਰ ਤੇ ਵੱਧ ਸਟੋਰੇਜ਼ ਦੀ ਲੋੜ ਹੁੰਦੀ ਹੈ। ਇਸੇ ਕਾਰਨ ਕੰਪਨੀਆਂ ਨਵੇਂ ਮਾਡਲਾਂ ’ਚ ਹਾਈ-ਕਾਨਫਿਗਰੇਸ਼ਨ ਦੇ ਰਹੀਆਂ ਹਨ, ਜਿਸ ਨਾਲ ਉਤਪਾਦਨ ਦੀ ਲਾਗਤ ਵਧ ਗਈ ਹੈ ਤੇ ਇਸ ਦਾ ਬੋਝ ਉਪਭੋਗਤਾਵਾਂ 'ਤੇ ਪੈ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ’ਚ ਲਗਪਗ ਸਾਰੇ ਬ੍ਰਾਂਡਿਡ ਕੰਪਨੀਆਂ ਨੇ ਲੈਪਟਾਪ ਤੇ ਪੀਸੀ ਸਮੇਤ ਹੋਰ ਕੰਪਿਊਟਰ ਉਤਪਾਦਾਂ ਦੀਆਂ ਕੀਮਤਾਂ ’ਚ 20 ਤੋਂ 30 ਫ਼ੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਦੇ ਬਾਵਜੂਦ ਬਾਜ਼ਾਰ ’ਚ ਉਤਪਾਦਾਂ ਦੀ ਉਪਲਬਧਤਾ ਲਗਾਤਾਰ ਘਟਦੀ ਜਾ ਰਹੀ ਹੈ। ਹਾਲਾਤ ਇਥੇ ਤੱਕ ਪਹੁੰਚ ਗਏ ਹਨ ਕਿ ਸੀਮਤ ਸਟਾਕ ਨੂੰ ਕੰਟਰੋਲ ਰੱਖਣ ਲਈ ਕਈ ਡਿਸਟ੍ਰਿਬਿਊਟਰ ਡੰਪਿੰਗ ਰਣਨੀਤੀ ਅਪਣਾਉਣ ਲੱਗੇ ਹਨ।
ਸ਼ਾਰਟੇਜ਼ ਤੇ ਮਹਿੰਗਾਈ ਬਾਜ਼ਾਰ ਲਈ ਖ਼ਤਰੇ ਦੀ ਘੰਟੀ
ਐਸੋਸੀਏਸ਼ਨ ਆਫ ਕੰਪਿਊਟਰ ਐਂਟਰਪ੍ਰੇਨਿਊਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਏ.ਆਈ. ਦੇ ਇਸ ਦੌਰ ’ਚ ਕੰਪਿਊਟਰ ਵਪਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੀਮਤਾਂ ’ਚ ਤੇਜ਼ ਵਾਧਾ ਤੇ ਅਹਿਮ ਕੰਪੋਨੈਂਟਸ ਦੀ ਕਮੀ ਹੈ। ਜੇਕਰ ਜਲਦੀ ਹੀ ਸਪਲਾਈ ਚੇਨ ਨੂੰ ਸੰਤੁਲਿਤ ਨਹੀਂ ਕੀਤਾ ਗਿਆ ਤਾਂ ਇਸ ਦਾ ਅਸਰ ਸਿਰਫ ਵਪਾਰ ਤੱਕ ਸੀਮਤ ਨਹੀਂ ਰਹੇਗਾ, ਸਗੋਂ ਡਿਜੀਟਲ ਇੰਡੀਆ ਤੇ ਤਕਨੀਕੀ ਵਿਕਾਸ ਦੀ ਰਫ਼ਤਾਰ 'ਤੇ ਵੀ ਪ੍ਰਭਾਵ ਪੈ ਸਕਦਾ ਹੈ।
ਹਰ ਮਹੀਨੇ ਪੰਜ ਤੋਂ ਛੇ ਹਜ਼ਾਰ ਲੈਪਟਾਪ ਬਾਜ਼ਾਰ ’ਚ ਉਪਲਬਧ
ਮਾਰਕੀਟ ਰਿਟੇਲਰਾਂ ਅਨੁਸਾਰ, ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਆਉਣ ਵਾਲੇ ਮਹੀਨਿਆਂ ’ਚ ਲੈਪਟਾਪ ਦੇ ਭਾਅ ਦੋ ਗੁਣਾ ਤੱਕ ਪਹੁੰਚਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਪੰਜਾਬ ’ਚ ਹਰ ਮਹੀਨੇ ਸਿਰਫ ਪੰਜ ਤੋਂ ਛੇ ਹਜ਼ਾਰ ਲੈਪਟਾਪ ਹੀ ਬਾਜ਼ਾਰ ’ਚ ਉਪਲਬਧ ਹੋ ਰਹੇ ਹਨ, ਜਦਕਿ ਅਸਲ ’ਚ ਮੰਗ ਇਸ ਤੋਂ ਕਾਫੀ ਵੱਧ ਹੈ। ਦਸੰਬਰ ਦੀ ਸ਼ੁਰੂਆਤ ਤੋਂ ਹਾਲਾਤ ਹੋਰ ਵਿਗੜ ਗਏ ਹਨ, ਕਿਉਂਕਿ ਸਿੱਖਿਅਕ ਸੰਸਥਾਵਾਂ, ਪੇਸ਼ੇਵਰਾਂ ਤੇ ਕਾਰਪੋਰੇਟ ਸੈਕਟਰ ਤੋਂ ਲਗਾਤਾਰ ਮੰਗ ਬਣੀ ਹੋਈ ਹੈ।
ਤਿੰਨ ਮਹੀਨਿਆਂ ’ਚ ਕੰਪੋਨੈਂਟਸ ਦੀਆਂ ਕੀਮਤਾਂ ’ਚ ਵੱਡਾ ਉਛਾਲ
- ਮੈਮੋਰੀ (8 ਜੀਬੀ ਰੈਮ) : 5,000 ਤੋਂ ਵਧ ਕੇ 12,000 ਰੁਪਏ
- ਹਾਰਡ ਡਿਸਕ : 4,000 ਰੁਪਏ ਤੋਂ ਵਧ ਕੇ 7,000 ਰੁਪਏ
- ਐੱਸਐੱਸਡੀ (ਸਾਲਿਡ ਸਟੇਟ ਡ੍ਰਾਈਵ) : 3,000 ਤੋਂ ਵਧ ਕੇ 8,000 ਰੁਪਏ
- ਯੂਪੀਐੱਸ : ਕਾਪਰ ਦੀ ਕੀਮਤ ਵਧਣ ਕਾਰਨ 20 ਫ਼ੀਸਦੀ ਤੱਕ ਮਹਿੰਗੇ।