ਲੁਧਿਆਣਾ: ਪਤਨੀ ਤੇ ਸੱਸ ਦੇ ਕਲੇਸ਼ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ਦੇ ਆਧਾਰ 'ਤੇ ਕੇਸ ਦਰਜ
ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਰਬਜੀਤ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਬਿਕਰਮਜੀਤ ਦਾ ਵਿਆਹ ਡੇਢ ਸਾਲ ਪਹਿਲੋਂ ਕਾਜਲ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਕਾਜਲ ਘਰ ਵਿੱਚ ਕਲੇਸ਼ ਕਰਨ ਲੱਗ ਪਈ। ਇੱਕ ਸਾਲ ਬਾਅਦ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਬੇਟੇ ਦੇ ਜਨਮ ਦੇ ਬਾਵਜੂਦ ਲੜਕੀ ਲਗਾਤਾਰ ਸਹੁਰੇ ਪਰਿਵਾਰ ਨਾਲ ਲੜਦੀ ਰਹੀ।
Publish Date: Sun, 29 Mar 2026 12:30 PM (IST)
Updated Date: Sun, 29 Mar 2026 12:32 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਇੱਕ ਨੌਜਵਾਨ ਆਪਣੀ ਪਤਨੀ ਤੇ ਸੱਸ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਆਪਣੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਆਤਮ ਹੱਤਿਆ ਕਰਨ ਤੋਂ ਪਹਿਲੋਂ ਨੌਜਵਾਨ ਨੇ ਇੱਕ ਸੁਸਾਈਡ ਨੋਟ ਲਿਖਿਆ ਜਿਸ ਵਿੱਚ ਉਸਨੇ ਆਪਣੀ ਮੌਤ ਦੇ ਜ਼ਿੰਮੇਵਾਰ ਸੱਸ ਅਤੇ ਪਤਨੀ ਨੂੰ ਦੱਸਿਆ।
ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਬਿਕਰਮਜੀਤ ਦੀ ਮਾਤਾ ਸਰਬਜੀਤ ਕੌਰ ਦੀ ਸ਼ਿਕਾਇਤ ਤੇ ਸੁਭਾਸ਼ ਨਗਰ ਕਰਮਸਰ ਕਲੋਨੀ ਦੀ ਰਹਿਣ ਵਾਲੀ ਕਾਜਲ ਅਤੇ ਰਾਜ ਰਾਣੀ ਦੇ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਦਰੇਸੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਰਬਜੀਤ ਕੌਰ ਨੇ ਦੱਸਿਆ ਕਿ ਉਸਦੇ ਪੁੱਤਰ ਬਿਕਰਮਜੀਤ ਦਾ ਵਿਆਹ ਡੇਢ ਸਾਲ ਪਹਿਲੋਂ ਕਾਜਲ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਕਾਜਲ ਘਰ ਵਿੱਚ ਕਲੇਸ਼ ਕਰਨ ਲੱਗ ਪਈ। ਇੱਕ ਸਾਲ ਬਾਅਦ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਬੇਟੇ ਦੇ ਜਨਮ ਦੇ ਬਾਵਜੂਦ ਲੜਕੀ ਲਗਾਤਾਰ ਸਹੁਰੇ ਪਰਿਵਾਰ ਨਾਲ ਲੜਦੀ ਰਹੀ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਾਜਲ ਅਤੇ ਉਸ ਦੀ ਮਾਂ ਰਾਜਰਾਣੀ ਬਿਕਰਮਜੀਤ ਨੂੰ ਬੇਹਦ ਪਰੇਸ਼ਾਨ ਕਰਦੀਆਂ ਸਨ। ਪਿਛਲੇ ਦੋ ਮਹੀਨੇ ਤੋਂ ਕਾਜਲ ਆਪਣੇ ਪੇਕੇ ਘਰ ਵਿੱਚ ਰਹਿ ਰਹੀ ਸੀ। ਹੌਜਰੀ ਵਿੱਚ ਕਤਰ ਮਾਸਟਰ ਦਾ ਕੰਮ ਕਰਨ ਵਾਲਾ ਬਿਕਰਮਜੀਤ ਸੱਸ ਅਤੇ ਪਤਨੀ ਕੋਲੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਸੁਸਾਈਡ ਨੋਟ ਲਿਖ ਕੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਰੇਸੀ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੂਸਾਈਡ ਨੋਟ ਦੇ ਆਧਾਰ ਅਤੇ ਸਰਬਜੀਤ ਕੌਰ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਕਾਜਲ ਅਤੇ ਰਾਜ ਰਾਣੀ ਦੇ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।