ਮਜ਼ਦੂਰਾਂ ਦੀ ਆਵਾਜ਼ ਬਣੀ ਦਿਲਜੋਤ ਦੀ ਸ਼ੱਕੀ ਹਾਲਤ 'ਚ ਮੌਤ, ਲਿਵ-ਇਨ ਪਾਰਟਨਰ 'ਤੇ ਲੱਗੇ ਕਤਲ ਦੇ ਦੋਸ਼
ਕਈ ਮਹੀਨਿਆਂ ਤੋਂ ਲੜਕੀ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਲੁਧਿਆਣਾ ਦੇ ਤਾਜਪੁਰ ਰੋਡ ਤੇ ਰਹਿ ਰਹੀ ਸੀ। ਔਰਤ ਨੇ ਦੋਸ਼ ਲਗਾਇਆ ਕਿ ਲੜਕਾ ਉਨ੍ਹਾਂ ਦੀ ਬੇਟੀ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਰਿਹਾ ਸੀ। ਬੀਤੀ ਰਾਤ ਉਹਨਾਂ ਨੂੰ ਇੱਕ ਹੋਰ ਲੜਕੀ ਦਾ ਫੋਨ ਆਇਆ ਕਿ ਦਿਲ ਜੋਤ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਹੈ।
Publish Date: Tue, 06 Jan 2026 12:20 PM (IST)
Updated Date: Tue, 06 Jan 2026 12:24 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ । ਫੈਕਟਰੀ ਮਜ਼ਦੂਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਮਾਨਸਾ ਨਿਵਾਸੀ 23 ਸਾਲਾ ਦਿਲਜੋਤ ਸ਼ਰਮਾ ਦੀ ਲੁਧਿਆਣਾ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪਿਛਲੇ ਡੇਢ ਸਾਲ ਤੋਂ ਆਪਣੇ ਪਾਰਟਨਰ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਦਿਲਜੋਤ ਦੇ ਪਰਿਵਾਰ ਨੇ ਉਸ ਦੇ ਸਾਥੀ 'ਤੇ ਕਤਲ ਦਾ ਸੰਗੀਨ ਦੋਸ਼ ਲਗਾਇਆ ਹੈ।
ਮ੍ਰਿਤਕਾ ਦੀ ਮਾਂ ਵੀਰਪਾਲ ਕੌਰ ਸ਼ਰਮਾ ਨੇ ਦੱਸਿਆ ਕਿ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਪਾਲਿਆ ਸੀ। ਦਿਲਜੋਤ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਲੁਧਿਆਣਾ ਵਿੱਚ ਮਜ਼ਦੂਰਾਂ ਦੇ ਕੇਸ ਲੜਨ ਲੱਗੀ ਸੀ। ਇਸੇ ਦੌਰਾਨ ਉਸ ਦੀ ਮੁਲਾਕਾਤ ਇੱਕ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਨਾਲ ਹੋਈ, ਜਿਸ ਨਾਲ ਉਹ ਤਾਜਪੁਰ ਰੋਡ ਸਥਿਤ ਇੱਕ ਘਰ ਵਿੱਚ ਰਹਿ ਰਹੀ ਸੀ। ਮਾਂ ਅਨੁਸਾਰ, ਉਕਤ ਨੌਜਵਾਨ ਦਿਲਜੋਤ ਨਾਲ ਵਿਆਹ ਕਰਵਾਉਣ ਤੋਂ ਟਾਲਾ ਵੱਟ ਰਿਹਾ ਸੀ, ਜਿਸ ਕਾਰਨ ਤਣਾਅ ਬਣਿਆ ਹੋਇਆ ਸੀ।
ਘਟਨਾ ਦਾ ਵੇਰਵਾ
ਪਰਿਵਾਰ ਨੂੰ ਬੀਤੀ ਰਾਤ ਕਿਸੇ ਹੋਰ ਲੜਕੀ ਦਾ ਫੋਨ ਆਇਆ ਕਿ ਦਿਲਜੋਤ ਦੀ ਹਾਲਤ ਗੰਭੀਰ ਹੈ ਅਤੇ ਉਹ ਡੀ.ਐਮ.ਸੀ. (DMC) ਹਸਪਤਾਲ ਵਿੱਚ ਦਾਖਲ ਹੈ। ਜਦੋਂ ਪਰਿਵਾਰ ਹਸਪਤਾਲ ਪਹੁੰਚਿਆ ਤਾਂ ਦਿਲਜੋਤ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੀ ਮਾਂ ਅਤੇ ਮਾਮਾ ਸ਼ਿਵਜੀ ਰਾਮ ਨੇ ਦੋਸ਼ ਲਗਾਇਆ ਕਿ ਡਾਕਟਰਾਂ ਮੁਤਾਬਕ ਮੌਤ ਦਾ ਕਾਰਨ ਸਰੀਰ ਵਿੱਚ ਜ਼ਹਿਰ ਫੈਲਣਾ ਹੈ, ਜਿਸ ਤੋਂ ਉਹਨਾਂ ਨੂੰ ਸ਼ੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ।
ਪੁਲਿਸ ਕਾਰਵਾਈ
ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਅਤੇ ਸ਼ੁਰੂਆਤੀ ਪੜਤਾਲ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ, ਜਿਸ ਦੇ ਅਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।