- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਰਟੀ ਪ੍ਰਧਾਨ ਬਾਦਲ ਨੇ ‘ਆਪ’, ਕਾਂਗਰਸ ਤੇ ਭਾਜਪਾ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਦਾ ਮਕਸਦ ਪੰਜਾਬ ਦੀ ਸੱਤਾ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦਿੱਲੀ ਵਾਲੇ ਪੰਜਾਬ ਵਿਚ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦੇ ਹਨ ਪਰ ਪੰਜਾਬ ਦਾ ਬਾਰਡਰ ਟੱਪਦੇ ਹੀ ਮੰਗਾਂ ਭੁੱਲ ਜਾਂਦੇ ਹਨ।

ਸੁਖਦੇਵ ਗਰਗ, ਪੰਜਾਬੀ ਜਾਗਰਣ, ਜਗਰਾਓਂ : ਨਵੀਂ ਦਾਣਾ ਵਿਖੇ ਬੁੱਧਵਾਰ ਹੋਈ ‘ਪੰਜਾਬ ਬਚਾਓ’ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਵਾਲੇ ਪੰਜਾਬੀਆਂ ਦੇ ਦਰਦ ਨੂੰ ਨਹੀਂ ਸਮਝ ਸਕਦੇ ਅਤੇ ਪੰਜਾਬ ਬਚਾਉਣ ਲਈ ਖੇਤਰੀ ਪਾਰਟੀ ਅਕਾਲੀ ਦਲ ਦੀ ਮਜ਼ਬੂਤੀ ਜ਼ਰੂਰੀ ਹੈ। ਪਾਰਟੀ ਪ੍ਰਧਾਨ ਬਾਦਲ ਨੇ ‘ਆਪ’, ਕਾਂਗਰਸ ਤੇ ਭਾਜਪਾ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਦਾ ਮਕਸਦ ਪੰਜਾਬ ਦੀ ਸੱਤਾ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਦਿੱਲੀ ਵਾਲੇ ਪੰਜਾਬ ਵਿਚ ਪੰਜਾਬ ਦੀਆਂ ਮੰਗਾਂ ਦੀ ਗੱਲ ਕਰਦੇ ਹਨ ਪਰ ਪੰਜਾਬ ਦਾ ਬਾਰਡਰ ਟੱਪਦੇ ਹੀ ਮੰਗਾਂ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸਿਆਸਤ ਸੂਬੇ ਮੁਤਾਬਕ ਬਦਲਦੀ ਰਹਿੰਦੀ ਹੈ ਪਰ ਇਤਿਹਾਸ ਗਵਾਹ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੀ ਹੱਕਾਂ ਲਈ ਲੜਾਈ ਲੜੀ ਹੈ ਅਤੇ ਹੁਣ ਲਈ ਪੰਜਾਬੀ ਹੱਕਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀਓ ਜਿਹੜੀ ਗ਼ਲਤੀ ਚਾਰ ਸਾਲ ਪਹਿਲਾਂ ਤੁਸੀਂ ‘ਬਦਲਾਅ’ ਦੇ ਚੱਕਰ ਵਿਚ ਕੀਤੀ ਸੀ ਉਹ 2027 ਵਿਚ ਦੁਬਾਰਾ ਨਾ ਕਰ ਲੈਣਾ। ਉਨ੍ਹਾਂ ਕਿਹਾ ਕਿ ਜ਼ਿਆਦਾ ਤਜਰਬੇ ਕਰਨ ਦੀ ਲੋੜ ਨਹੀਂ ਆਪਣੀ ਜਾਣੀ ਪਹਿਚਾਣੀ ਤੇ ਪਰਖੇ ਹੋਏ ਆਪਣੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਅੱਜ ਤੋਂ ਬੋਰੀਆ ਬਿਸਤਰਾ ਬੰਨ੍ਹ ਕੇ ਕੰਮ ਵਿਚ ਲੱਗ ਜਾਓ ਮੈਂ ਤਾਂ ਆਪਣਾ ਸਮਾਨ ਪੈਕ ਕਰ ਕੇ ਪੱਕਾ ਹੀ ਨਾਲ ਰੱਖ ਲਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਇੱਕੋ ਇਕ ਮਕਸਦ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣਾ ਹੈ। ਰੈਲੀ ਵਿਚ ਵੱਡੀ ਗਿਣਤੀ ਵਿਚ ਆਈ ਸੰਗਤ ਦਾ ਧੰਨਵਾਦ ਕਰਦਿਆਂ ਹਲਕਾ ਇੰਚਾਰਜ ਅਤੇ ਕੋਰ ਕਮੇਟੀ ਮੈਂਬਰ ਐੱਸਆਰ ਕਲੇਰ ਨੇ ‘ਪੰਜਾਬ ਬਚਾਓ, ਸੁਖਬੀਰ ਲਿਆਓ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਲੁਟੇਰਿਆਂ ਤੋਂ ਪੰਜਾਬ ਬਚਾਉਣ ਲਈ ਅਕਾਲੀ ਦਲ ਲਿਆਉਣ ਬਹੁਤ ਜ਼ਰੂਰੀ ਹੈ।
ਰੈਲੀ ਨੂੰ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਤੇ ਸ਼ਰਨਜੀਤ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਸਾਬਕਾ ਚੇਅਰਮੈਨ ਕਮਲਜੀਤ ਮੱਲ੍ਹਾ, ਦੀਦਾਰ ਸਿੰਘ ਮਲਕ, ਬੇਅੰਤ ਸਿੰਘ ਧਾਲੀਵਾਲ, ਪ੍ਰਭਜੋਤ ਸਿੰਘ ਧਾਲੀਵਾਲ, ਜਸਕਰਨ ਸਿੰਘ ਅਤੇ ਸੁਰਜੀਤ ਸਿੰਘ ਮੱਲ੍ਹਾ ਨੇ ਸੰਬੋਧਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨ, ਵੱਖ ਵੱਖ ਵਿੰਗਾਂ ਦੇ ਇੰਚਾਰਜ, ਸਰਪੰਚ ਸ਼ਿਵਰਾਜ ਸਿੰਘ, ਦੀਪਇੰਦਰ ਭੰਡਾਰੀ, ਹਰਦੇਵ ਸਿੰਘ ਬੌਬੀ, ਜੱਟ ਗਰੇਵਾਲ, ਮਨਦੀਪ ਗ਼ਾਲਿਬ, ਹਰੀ ਸਿੰਘ ਕਾਉਂਕੇ, ਦਵਿੰਦਰਜੀਤ ਸਿੰਘ ਸਿੱਧੂ, ਸੁੱਖ ਸੰਧੂ ਆਦਿ ਹਾਜ਼ਰ ਸਨ।