ਜੇਵੀ ਇੰਟਰਨੈਸ਼ਨਲ ਦੇ ਐੱਮਡੀ ਰਾਜੀਵ ਗੁਪਤਾ ਨੇ ਕਿਹਾ ਕਿ ਇਸ ਜੰਗ ਦਾ ਸਾਰੇ ਦੇਸ਼ਾਂ ’ਤੇ ਅਸਰ ਆਵੇਗਾ। ਇਸ ਨਾਲ ਮੈਟਲ ਦੇ ਉਤਪਾਦ ਵੀ ਪ੍ਰਭਾਵ ’ਚ ਆ ਸਕਦੇ ਹਨ ਕਿਉਂਕਿ ਇਸ ਜੰਗ ਨਾਲ ਕੱਚੇ ਮਾਲ ਦੀ ਉਪਲਬਧਤਾ ਘੱਟ ਹੋਵੇਗੀ। ਇਸ ਦੇ ਨਾਲ ਹੀ ਜ਼ਰੂਰੀ ਵਸਤੂਆਂ ਨੂੰ ਪਹਿਲਾਂ ਬਰਾਮਦ ਕੀਤਾ ਜਾਵੇਗਾ। ਅਜਿਹੇ ਵਿਚ ਸਟੀਲ ਦੇ ਉਤਪਾਦਾਂ ਵਿਚ ਵੀ ਉਛਾਲ ਆਉਣ ਦੀ ਉਮੀਦ ਹੈ।

ਮੁਨੀਸ਼ ਸ਼ਰਮਾ, ਜਾਗਰਣ, ਲੁਧਿਆਣਾ : ਇਜ਼ਰਾਈਲ ਤੇ ਈਰਾਨ ਵਿਚਾਲੇ ਸ਼ੁਰੂ ਹੋਈ ਜੰਗ ਨੇ ਕੌਮਾਂਤਰੀ ਵਪਾਰ ਮਾਰਗਾਂ ’ਤੇ ਬੇਯਕੀਨੀ ਵਧਾ ਦਿੱਤੀ ਹੈ। ਭਾਵੇਂ ਪੰਜਾਬ ਤੋਂ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਸਿੱਧੀ ਬਰਾਮਦ ਸੀਮਤ ਮਾਤਰਾ ਵਿਚ ਹੁੰਦੀ ਹੈ ਪਰ ਕਾਰੋਬਾਰੀ ਮੰਨਦੇ ਹਨ ਕਿ ਇਸ ਸੰਘਰਸ਼ ਦਾ ਅਪ੍ਰਤੱਖ ਅਸਰ ਸੂਬੇ ਦੇ ਐਕਸਪੋਰਟ ਸੈਕਟਰ ’ਤੇ ਪੈ ਸਕਦਾ ਹੈ। ਵਿਸ਼ੇਸ਼ ਰੂਪ ਨਾਲ ਅਮਰੀਕਾ ਤੇ ਯੂਰਪ ਲਈ ਭੇਜੇ ਜਾਣ ਵਾਲੇ ਮਾਲ ਦੀ ਡਿਸਪੈਚ ਵਿਚ ਦੇਰੀ ਅਤੇ ਫ੍ਰੇਟ ਲਾਗਤ ਵਿਚ ਵਾਧੇ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਉਦਯੋਗਪਤੀਆਂ ਦੇ ਮੁਤਾਬਕ ਸੂਬੇ ਤੋਂ ਤਿਆਰ ਕੱਪੜੇ, ਸਾਈਕਲ ਪਾਰਟਸ, ਮਸ਼ੀਨਰੀ, ਖੇਡ ਸਮੱਗਰੀ ਅਤੇ ਆਟੋ ਕੰਪੋਨੈਂਟਸ ਵੱਡੀ ਮਾਤਰਾ ਵਿਚ ਅਮਰੀਕਾ ਤੇ ਯੂਰਪੀ ਦੇਸ਼ਾਂ ਨੂੰ ਬਰਾਮਦ ਕੀਤੇ ਜਾਂਦੇ ਹਨ। ਇਨ੍ਹਾਂ ਸ਼ਿਪਮੈਂਟਸ ਦਾ ਵੱਡਾ ਹਿੱਸਾ ਸਮੁੰਦਰੀ ਮਾਰਗ ਰਾਹੀਂ ਜਾਂਦਾ ਹੈ, ਜਿਨ੍ਹਾਂ ਵਿਚੋਂ ਕਈ ਰੂਟ ਪੱਛਮੀ ਏਸ਼ੀਆ ਦੇ ਸੰਵੇਦਨਸ਼ੀਲ ਸਮੁੰਦਰੀ ਇਲਾਕਿਆਂ ਤੋਂ ਹੋ ਕੇ ਲੰਘੇ ਹਨ। ਮੌਜੂਦਾ ਹਾਲਾਤ ਵਿਚ ਸ਼ਿਪਿੰਗ ਕੰਪਨੀਆਂ ਬਦਲਵੇਂ ਅਪਣਾਉਣ ਜਾਂ ਜਹਾਜ਼ਾਂ ਦੀ ਆਵਾਜਾੀ ਸੀਮਤ ਕਰਨ ਦਾ ਫ਼ੈਸਲ ਲੈ ਸਕਦੀਆਂ ਹਨ, ਜਿਸ ਨਾਲ ਟਰਾਂਜ਼ਿਟ ਸਮਾਂ ਵੱਧ ਸਕਦਾ ਹੈ। ਕਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਮੁੰਦਰੀ ਮਾਰਗਾਂ ’ਤੇ ਸੁਰੱਖਿਆ ਜੋਖ਼ਮ ਵਧਦਾ ਹੈ ਤਾਂ ਬੀਮਾ ਪ੍ਰੀਮੀਅਮ ਤੇ ਕੰਟੇਨਰ ਫ੍ਰੇਟ ਦਰਾਂ ਵਿਚ ਵੀ ਉਛਾਲ ਆ ਸਕਦਾ ਹੈ। ਪਹਿਲਾਂ ਤੋਂ ਹੀ ਕੌਮਾਂਤਰੀ ਪੱਧਰ ’ਤੇ ਲਾਜਿਸਿਟਕਸ ਵਿਚ ਉਤਰਾਅ-ਚੜ੍ਹਾਅ ਬਣਿਆ ਹੋਇਆ ਹੈ, ਅਜਿਹੇ ਵਿਚ ਜੰਗ ਦੀ ਸਥਿਤੀ ਨੇ ਬਰਾਮਦਕਾਰਾਂ ਦੀ ਚਿੰਤ ਵਧਾ ਦਿੱਤੀ ਹੈ।
ਦੇਰੀ ’ਤੇ ਖ਼ਰੀਦਦਾਰ ਲਾਗੂ ਕਰ ਸਕਦੇ ਹਨ ਪੈਨੇਲਟੀ ਕਲਾਜ਼
ਪੈਰਾਮਾਊਂਟ ਇੰਪੈਕਸ ਦੇ ਐੱਮਡੀ ਰਾਕੇਸ਼ ਕਪੂਰ ਨੇ ਕਿਹਾ ਕਿ ਜੇਕਰ ਮਾਲ ਸਮੇਂ ’ਤੇ ਨਹੀਂ ਪਹੁੰਚਿਆਂ ਤਾਂ ਵਿਦੇਸ਼ੀ ਖ਼ਰੀਦਦਾਰ ਪੈਨੇਲਟੀ ਕਲਾਜ਼ ਲਗੂ ਕਰ ਸਕਦੇ ਹਨ, ਜਿਸ ਨਾਲ ਸੂਬੇ ਦੇ ਐੱਮਐੱਸਐੱਮਈ ਸੈਕਟਰ ਲਈ ਇਹ ਸਥਿਤੀ ਹੋਰ ਚੁਣੌਤੀਪੂਰਨ ਹੋ ਸਕਦੀ ਹੈ ਕਿਉਂਕਿ ਛੋਟੇ ਉਦਯੋਗ ਪਹਿਲਾਂ ਤੋਂ ਹੀ ਮਾਰਜਨ ਦੇ ਦਬਾਅ ਵਿਚ ਕੰਮ ਕਰ ਰਹੇ ਹਨ। ਜੇਕਰ ਫ੍ਰੇਟ ਕਾਸਟ 10 ਤੋਂ 20 ਫ਼ੀਸਦੀ ਤੱਕ ਵਧਦੀ ਹੈ ਤਾਂ ਕਈ ਛੋਟੇ ਬਰਾਮਦਕਰਾਂ ਨੂੰ ਆਰਡਰ ਦੇ ਲਾਭ ’ਤੇ ਮੁੜ-ਵਿਚਾਰ ਕਰਨਾ ਪੈ ਸਕਦਾ ਹੈ।
ਕੇਂਦਰ ਸਰਕਾਰ ਨੂੰ ਲੋੜ ਪੈਣ ’ਤੇ ਰਾਹਤ ਦੇਣ ਦੀ ਮੰਗ
ਕੇਜੀ ਐਕਸਪੋਰਟ ਦੇ ਐੱਮਡੀ ਹਰੀਸ਼ ਦੂਆ ਨੇ ਕੇਂਦਰ ਸਰਕਾਰ ਨੂੰ ਸਥਿਤੀ ’ਤੇ ਨਜ਼ਰ ਬਣਾ ਕੇ ਰੱਖਣ ਅਤੇ ਲੋੜ ਪੈਣ ’ਤੇ ਬਰਾਮਦਕਾਰਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ਿਪਮੈਂਟ ਵਿਚ ਦੇਰੀ ਹੁੰਦੀ ਹੈ ਤਾਂ ਬੈਂਕਿੰਗ ਤੇ ਐੱਲਸੀ (ਲੈਟਰ ਆਫ ਕ੍ਰੈਡਿਟ) ਦੀ ਸਮਾਂ ਹੱਦ ਵਿਚ ਲਚੀਲਾਪਣ ਦਿੱਤਾ ਜਾਵੇ। ਨਾਲ ਹੀ ਬਰਾਮਦ ਨੂੰ ਉਤਸ਼ਾਹਤ ਕਰਨ ਦੀਆਂ ਯੋਜਨਾਵਾਂ ਤਹਿਤ ਵਾਧੂ ਸਹਾਇਤਾ ’ਤੇ ਵੀ ਵਿਚਾਰ ਕੀਤਾ ਜਾਵੇ। ਹਾਲਾਂਕਿ ਹਾਲੇ ਤੱਕ ਪੰਜਾਬ ਤੋਂ ਇਜ਼ਰਾਈਲ ਤੇ ਈਰਾਨ ਨੂੰ ਸਿੱਧੇ ਬਰਾਮਦ ’ਤੇ ਵੱਡ ਅਸਰ ਨਹੀਂ ਦੇਖਿਆ ਗਿਆ ਹੈ ਪਰ ਕੌਮਾਂਤਰੀ ਸਪਲਾਈ ਚੇਨ ਦੀ ਦੁਵੱਲੀ ਨਿਰਭਰਤਾ ਨੂੰ ਦੇਖਦੇ ਹੋਏ ਕਾਰੋਬਾਰੀ ਚੌਕਸ ਹਨ। ਬਰਾਮਦਕਾਰਾਂ ਨੇ ਬਦਲਵੀਂ ਸ਼ਿਪਿੰਗ ਬਦਲਾਂ ਤੇ ਅਗਾਊਂ ਬੁਕਿੰਗ ਦੀ ਰਣਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ।
ਸਟੀਲ ਦੇ ਉਤਪਾਦਾਂ ’ਚ ਵੀ ਉਛਾਲ ਆਉਣ ਦੀ ਉਮੀਦ
ਜੇਵੀ ਇੰਟਰਨੈਸ਼ਨਲ ਦੇ ਐੱਮਡੀ ਰਾਜੀਵ ਗੁਪਤਾ ਨੇ ਕਿਹਾ ਕਿ ਇਸ ਜੰਗ ਦਾ ਸਾਰੇ ਦੇਸ਼ਾਂ ’ਤੇ ਅਸਰ ਆਵੇਗਾ। ਇਸ ਨਾਲ ਮੈਟਲ ਦੇ ਉਤਪਾਦ ਵੀ ਪ੍ਰਭਾਵ ’ਚ ਆ ਸਕਦੇ ਹਨ ਕਿਉਂਕਿ ਇਸ ਜੰਗ ਨਾਲ ਕੱਚੇ ਮਾਲ ਦੀ ਉਪਲਬਧਤਾ ਘੱਟ ਹੋਵੇਗੀ। ਇਸ ਦੇ ਨਾਲ ਹੀ ਜ਼ਰੂਰੀ ਵਸਤੂਆਂ ਨੂੰ ਪਹਿਲਾਂ ਬਰਾਮਦ ਕੀਤਾ ਜਾਵੇਗਾ। ਅਜਿਹੇ ਵਿਚ ਸਟੀਲ ਦੇ ਉਤਪਾਦਾਂ ਵਿਚ ਵੀ ਉਛਾਲ ਆਉਣ ਦੀ ਉਮੀਦ ਹੈ।
ਫੂਡ ਪ੍ਰੋਸੈਸਿੰਗ ਲਈ ਸਭ ਤੋਂ ਵੱਧ ਚੁਣੌਤੀ ਭਰਿਆ ਦੌਰ
ਅੰਕਲ ਫੂਡ ਦੇ ਐੱਮਡੀ ਹਿਤੇਸ਼ ਡੰਗ ਦੇ ਮੁਤਾਬਕ ਖਾਣ ਦੀ ਉਤਪਾਦਾਂ ਦੀ ਸ਼ਿਪਿੰਗ ਵਿਚ ਸਮਾਂ ਵਧਣ ਦੀ ਸੰਭਾਵਨਾ ਹੈ। ਅਜਿਹੇ ਵਿਚ ਕਈ ਦਿਨਾਂ ਤੱਕ ਜੇਕਰ ਪੋਰਟ ਜਾਂ ਟ੍ਰਾਂਜਿਟ ਵਿਚ ਮਟੀਰੀਅਲ ਡਿਸਪੈਚ ਲਈ ਰੁਕਿਆ ਰਿਹਾ ਤਾਂ ਮੰਜ਼ਿਲ ਤੱਕ ਜਾਣ ਤੱਕ ਉਤਪਾਦ ਖ਼ਰਾਬ ਹੋ ਜਾਣਗੇ, ਅਜਿਹੇ ਵਿਚ ਫੂਡ ਪ੍ਰੋਸੈਸਿੰਗ ਲਈ ਇਹ ਸਭ ਤੋਂ ਚੁਣੌਤੀ ਭਰਿਆ ਦੌਰ ਰਹੇਗਾ।