ਪੱਛਮੀ ਗੜਬੜ ਐਕਟਿਵ ਹੁੰਦਿਆਂ ਹੀ ਪੰਜਾਬ 'ਚ ਵਧੀ ਠੰਢ, ਕਈ ਜ਼ਿਲ੍ਹਿਆਂ 'ਚ ਤਾਪਮਾਨ ਡਿੱਗਿਆ; ਅਗਲੇ 3 ਦਿਨ ਸਤਾਏਗੀ ਧੁੰਦ
Punjab Weather Update : ਵਿਭਾਗ ਦੇ ਅੰਦਾਜ਼ੇ ਮੁਤਾਬਕ ਸੋਮਵਾਰ ਤੋਂ ਤਿੰਨ ਦਿਨਾਂ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਪੈਣ ਦੇ ਆਸਾਰ ਹਨ। ਹਾਲਾਂਕਿ, ਦਿਨ ਵੇਲੇ ਸੂਰਜ ਚਮਕਣ ਦੀ ਸੰਭਾਵਨਾ ਹੈ।
Publish Date: Mon, 02 Feb 2026 09:16 AM (IST)
Updated Date: Mon, 02 Feb 2026 09:19 AM (IST)
ਜਾਸ, ਲੁਧਿਆਣਾ : ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਐਤਵਾਰ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ ਜਦਕਿ ਕਈ ਜ਼ਿਲ੍ਹਿਆਂ ਵਿਚ ਬੱਦਲ ਛਾਏ ਰਹੇ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪਠਾਨਕੋਟ ਵਿਚ 11.5 ਮਿਲੀਮੀਟਰ ਤੇ ਰੂਪਨਗਰ ਵਿਚ 4.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਚੰਡੀਗੜ੍ਹ ਵਿਚ 2.0 ਮਿਲੀਮੀਟਰ, ਪਟਿਆਲਾ ਵਿਚ 1.5 ਮਿਲੀਮੀਟਰ ਅਤੇ ਨਵਾਂਸ਼ਹਿਰ ਵਿਚ 0.6 ਮਿਲੀਮੀਟਰ ਬਰਸਾਤ ਦਰਜ ਕੀਤੀ ਗਈ।
ਵਿਭਾਗ ਦੇ ਅੰਦਾਜ਼ੇ ਮੁਤਾਬਕ ਸੋਮਵਾਰ ਤੋਂ ਤਿੰਨ ਦਿਨਾਂ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿਚ ਸੰਘਣੀ ਧੁੰਦ ਪੈਣ ਦੇ ਆਸਾਰ ਹਨ। ਹਾਲਾਂਕਿ, ਦਿਨ ਵੇਲੇ ਸੂਰਜ ਚਮਕਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪੰਜਾਬ ਵਿਚ ਸਭ ਤੋਂ ਘੱਟ ਹੈ। ਗੁਰਦਾਸਪੁਰ ਵਿਚ 6.0, ਲੁਧਿਆਣਾ ਵਿਚ 7.6, ਫਿਰੋਜ਼ਪੁਰ ਵਿਚ 7.9, ਫ਼ਰੀਦਕੋਟ ਵਿਚ 7.4, ਬਠਿੰਡਾ ਵਿਚ 8.9, ਹੁਸ਼ਿਆਰਪੁਰ ਵਿਚ 10.1 ਅਤੇ ਨਵਾਂਸ਼ਹਿਰ ਵਿਚ 8.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।