ਸੀਐੱਮ ਤੀਰਥ ਯਾਤਰਾ ਬੱਸ ਦੇ ਫਲੈਕਸ ਪਾੜੇ: ਹਮਲਾਵਰਾਂ ਨੇ ਕੰਡਕਟਰ ਨੂੰ ਬਣਾਇਆ ਨਿਸ਼ਾਨਾ, ਇੱਕ ਗ੍ਰਿਫਤਾਰ
ਜਾਣਕਾਰੀ ਅਨੁਸਾਰ ਬੀਤੀ ਰਾਤ ਜਗਰਾਓਂ ਦੇ ਪਿੰਡ ਪੋਨਾ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਬੱਸ ਰਵਾਨਾ ਹੋਣੀ ਸੀ। ਇਸ ਬੱਸ ਦਾ ਡਰਾਈਵਰ, ਇੰਚਾਰਜ ਤੇ ਕੰਡਕਟਰ ਬੱਸ ਪੋਨਾ ਲੈ ਕੇ ਪਹੁੰਚੇ।
Publish Date: Sat, 28 Mar 2026 08:41 AM (IST)
Updated Date: Sat, 28 Mar 2026 08:43 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਪਿੰਡ ਕੋਠੇ ਪੋਨਾ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ’ਤੇ ਬੀਤੀ ਰਾਤ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਵੱਲੋਂ ਪਹਿਲਾਂ ਬੱਸ ’ਤੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਲੱਗੇ ਇਸ਼ਤਿਹਾਰ ਪਾੜੇ ਗਏ, ਰੋਕਣ ’ਤੇ ਬੱਸ ਦੇ ਕੰਡਕਟਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਗਰਾਓਂ ਪੁਲਿਸ ਨੇ ਇਸ ਮਾਮਲੇ ’ਚ ਬੱਸ ’ਤੇ ਹਮਲਾ ਕਰਨ ਵਾਲੇ ਤਿੰਨ ਵਿਅਕਤੀਆਂ ’ਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਬਾਕੀ ਦੋਵਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਜਗਰਾਓਂ ਦੇ ਪਿੰਡ ਪੋਨਾ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਬੱਸ ਰਵਾਨਾ ਹੋਣੀ ਸੀ। ਇਸ ਬੱਸ ਦਾ ਡਰਾਈਵਰ, ਇੰਚਾਰਜ ਤੇ ਕੰਡਕਟਰ ਬੱਸ ਪੋਨਾ ਲੈ ਕੇ ਪਹੁੰਚੇ। ਇਸੇ ਦੌਰਾਨ ਇੰਚਾਰਜ ਸੁਖਜੀਤ ਸਿੰਘ ਤੇ ਡਰਾਈਵਰ ਕਿਤੇ ਕੰਮ ਚਲੇ ਗਏ। ਪਿਛੋਂ ਰਾਤ ਨੂੰ ਤਿੰਨ ਵਿਅਕਤੀ ਬੱਸ ’ਚ ਬੈਠੇ ਕੰਡਕਟਰ ਕੋਲ ਆ ਗਏ। ਉਨ੍ਹਾਂ ਲਲਕਾਰਾ ਮਾਰਦਿਆਂ ਤੀਰਥ ਯਾਤਰਾ ਲਈ ਬੱਸ ਚਲਾਉਣ ਦਾ ਸਬਕ ਸਿਖਾਉਂਦੇ ਹਾਂ ਕਹਿ ਕੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ। ਹਮਲੇ ’ਚ ਕੰਡਕਟਰ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਬੱਸ ’ਤੇ ਮੁੱਖ ਮੰਤਰੀ ਦੀ ਤਸਵੀਰ ਸਮੇਤ ਯੋਜਨਾ ਦੇ ਸਲੋਗਨ ਲਿਖੇ ਫਲੈਕਸ ਚਾਕੂ ਨਾਲ ਫਾੜ ਦਿੱਤੇ ਅਤੇ ਲਲਕਾਰੇ ਮਾਰਦੇ ਫ਼ਰਾਰ ਹੋ ਗਏ।
ਇਸ ਸਬੰਧੀ ਜਗਰਾਓਂ ਥਾਣਾ ਸਦਰ ਦੇ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਬੱਸ ’ਤੇ ਹਮਲਾ ਕਰਨ ਵਾਲੇ ਗੁਰਵਿੰਦਰ ਸਿੰਘ ਵਾਸੀ ਕੋਠੇ ਪੋਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਉਸ ਦੇ ਸਾਥੀ ਚਮਕੌਰ ਸਿੰਘ ਤੇ ਜੱਗੀ ਵਾਸੀਆਨ ਕੋਠੇ ਪੋਨਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।