- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਵੇ ਜਦਕਿ ਹਾਲੇ ਦੁੱਖ ਦੀ ਘੜੀ ਕਾਰਨ ਚੁੱਪ ਹਾਂ ਪਰ ਐਕਸ਼ਨ ਦਾ ਰਿਐਕਸ਼ਨ ਜ਼ਰੂਰ ਹੋਵੇਗਾ। ਇਹ ਛੋਟੀ ਘਟਨਾ ਨਹੀਂ, ਇਸ ਵਿਚ 11 ਕੀਮਤੀ ਜਾਨਾਂ ਚਲੀਆਂ ਗਈਆਂ, ਜਦਕਿ ਚਾਰ ਹਾਲੇ ਵੀ ਲਾਪਤਾ ਹਨ। ਉਨ੍ਹਾਂ ਸਾਫ਼ ਕਿਹਾ ਕਿ ਹੁਣ ਤੱਕ ਘਟਨਾ ਨੂੰ ਲੈ ਕੇ ਜੋ ਸਾਹਮਣੇ ਆਇਆ ਹੈ ਉਸ ਵਿਚ ਇਹ ਤਾਂ ਸਪੱਸ਼ਟ ਹੈ ਕਿ ਲਾਈਫ ਜੈਕਟਾਂ ਨਹੀਂ ਦਿੱਤੀਆਂ ਗਈਆਂ ਸਨ, ਕਿਸ਼ਤੀ ਓਵਰਲੋਡ ਦੇ ਨਾਲ-ਨਾਲ ਕਈ ਖ਼ਾਮੀਆਂ ਵੀ ਸਨ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਰਿੰਦਾਵਨ ਵਿਚ ਯਮੁਨਾ ਦਰਿਆ ਵਿਚ ਕਿਸ਼ਤੀ ਪਲਟਣ ਕਾਰਨ ਵਾਪਰੇ ਦਰਦਨਾਕ ਹਾਦਸੇ ਲਈ ਮਨੁੱਖੀ ਸੁਰੱਖਿਆ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਵੇ ਜਦਕਿ ਹਾਲੇ ਦੁੱਖ ਦੀ ਘੜੀ ਕਾਰਨ ਚੁੱਪ ਹਾਂ ਪਰ ਐਕਸ਼ਨ ਦਾ ਰਿਐਕਸ਼ਨ ਜ਼ਰੂਰ ਹੋਵੇਗਾ। ਇਹ ਛੋਟੀ ਘਟਨਾ ਨਹੀਂ, ਇਸ ਵਿਚ 11 ਕੀਮਤੀ ਜਾਨਾਂ ਚਲੀਆਂ ਗਈਆਂ, ਜਦਕਿ ਚਾਰ ਹਾਲੇ ਵੀ ਲਾਪਤਾ ਹਨ। ਉਨ੍ਹਾਂ ਸਾਫ਼ ਕਿਹਾ ਕਿ ਹੁਣ ਤੱਕ ਘਟਨਾ ਨੂੰ ਲੈ ਕੇ ਜੋ ਸਾਹਮਣੇ ਆਇਆ ਹੈ ਉਸ ਵਿਚ ਇਹ ਤਾਂ ਸਪੱਸ਼ਟ ਹੈ ਕਿ ਲਾਈਫ ਜੈਕਟਾਂ ਨਹੀਂ ਦਿੱਤੀਆਂ ਗਈਆਂ ਸਨ, ਕਿਸ਼ਤੀ ਓਵਰਲੋਡ ਦੇ ਨਾਲ-ਨਾਲ ਕਈ ਖ਼ਾਮੀਆਂ ਵੀ ਸਨ।
ਦੱਸਣਯੋਗ ਹੈ ਕਿ ਵਰਿੰਦਾਵਨ ਵਿਚ ਵਾਪਰੇ ਹਾਦਸੇ ਦੇ ਮ੍ਰਿਤਕਾਂ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜੇ ਸਨ। ਉਹ ਪਹਿਲਾਂ ਮ੍ਰਿਤਕ ਪਤੀ-ਪਤਨੀ ਚਰਨਜੀਤ ਸਿੰਘ ਅਤੇ ਪਿੰਕੀ ਦੇ ਘਰ ਪੱਜੇ, ਜਿਥੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਬਾਅਦ ਉਹ ਡੱਲਾ ਰੋਡ ਸ਼ਮਸਾਨਘਾਟ ਪੁੱਜੇ ਜਿੱਥੇ ੳਨ੍ਹਾਂ ਨੇ ਮਿਤਕ ਮਾਂ-ਪੁੱਤ ਕਵਿਤਾ ਅਤੇ ਮਧੁਰ ਬਹਿਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਜਗਰਾਓਂ ਦੇ ਕਟਾਰੀਆ ਪਰਿਵਾਰ ਦੇ ਇਕਲੌਤੇ ਨੌਜਵਾਨ 24 ਸਾਲਾ ਇਸ਼ਾਨ ਕਟਾਰੀਆ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਇਸ ਦੌਰਾਨ ਮੁੱਖ ਮੰਤਰੀ ਨੇ ਯਮੁਨਾ ਦਰਿਆਨ ਵਿਚ ਵਾਪਰੇ ਹਾਦਸੇ ਤੋਂ ਪਹਿਲਾਂ ਸਾਰੇ ਸ਼ਰਧਾਲੂਆਂ ਦੇ ਕਿਸ਼ਤੀ ਵਿਚ ਸ੍ਰੀ ਕ੍ਰਿਸ਼ਨ ਦਾ ਨਾਮ- ਸਿਮਰਨ ਕਰਨ ਦੇ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਜਨ ਗਾਉਂਦੇ ਜਾ ਰਹੇ ਸਨ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਨੂੰ ਲੈ ਕੇ ਉਨ੍ਹਾਂ ਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ। ਪੰਜਾਬ ਤੋਂ ਵੀ ਟੀਮਾਂ ਉੱਥੇ ਪਹੁੰਚ ਗਈਆਂ ਹਨ। ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਮੁਥਰਾ ਦੇ ਡੀਸੀ ਨਾਲ ਲਗਾਤਾਰ ਸੰਪਰਕ ਵਿਚ ਹਨ। ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਫ਼ਿਲਹਾਲ ਲਾਪਤਾ ਸ਼ਰਧਾਲੂਆਂ ਦੇ ਲੱਭਣ ਲਈ ਯੂਪੀ ਦੇ ਪ੍ਰਸ਼ਾਸਨ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਪਰ ਉਹ ਵਾਅਦਾ ਕਰਦੇ ਹਨ ਭਵਿੱਖ ਵਿਚ ਕਿਸੇ ਹੋਰ ਨਾਲ ਅਜਿਹਾ ਹਾਦਸਾ ਨਾ ਵਾਪਰੇ, ਇਸ ਲਈ ਲੋੜੀਂਦੇ ਇੰਤਜ਼ਾਮ ਕਰਵਾਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਨਾਲ ਹਾਲੇ ਦੁੱਖ ਵੰਡਾਉਣ ਦਾ ਸਮਾਂ ਹੈ, ਉਹ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਦੀ ਸਥਿਤੀ ਵਿਚ ਨਹੀਂ ਹਨ, ਜਲਦੀ ਹੀ ਉਨ੍ਹਾਂ ਨਾਲ ਮੁੜ ਸੰਪਰਕ ਕਰ ਕੇ ਵਿਛੜੇ ਪਰਿਵਾਰਕ ਮੈਂਬਰਾਂ ਦੀ ਯਾਦ ਵਿਚ ਉਨ੍ਹਾਂ ਦੀ ਇੱਛਾ ਮੁਤਾਬਕ ਯਾਦਗਾਰ ਕਾਇਮ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਮਦਨ ਲਾਲ ਬੱਗਾ, ਡੀਸੀ ਹਿਮਾਂਸ਼ੂ ਜੈਨ, ਆਈਜੀ ਸਤਿੰਦਰ ਸਿੰਘ, ਐੱਸਐੱਸਪੀ ਡਾ. ਅੰਕੁਰ ਗੁਪਤਾ, ਐੱਸਡੀਐੱਮ ਉਪਿੰਦਰਜੀਤ ਕੌਰ ਬਰਾੜ, ਡੀਐੱਸਪੀ ਜਸਵਿੰਦਰ ਸਿੰਘ ਢੀਂਡਸਾ ਹਾਜ਼ਰ ਸਨ।