- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 1 ਫਰਵਰੀ ਨੂੰ ਵਰਚੁਅਲ ਤੌਰ ’ਤੇ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ ਅਤੇ ਉਸ ਵੇਲੇ ਇਹ ਐਲਾਨ ਕੀਤਾ ਗਿਆ ਸੀ ਕਿ ਮਾਰਚ ਵਿੱਚ ਇੱਥੋਂ ਵਪਾਰਕ ਉਡਾਣਾਂ ਸ਼ੁਰੂ ਹੋ ਜਾਣਗੀਆਂ। ਪਰ ਅਜੇ ਤੱਕ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ।

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਸਪੱਸ਼ਟ ਕੀਤਾ ਹੈ ਕਿ ਲੁਧਿਆਣਾ ਦੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਸ ਸਮੇਂ ਕੋਈ ਵੀ ਨਿਰਧਾਰਤ (ਸ਼ਡਿਊਲਡ) ਵਪਾਰਕ ਉਡਾਣ ਸੰਚਾਲਿਤ ਨਹੀਂ ਹੋ ਰਹੀ। ਇਸ ਦੇ ਨਾਲ ਹੀ ਸਰਕਾਰ ਨੇ ਦੁਹਰਾਇਆ ਕਿ ਏਅਰਲਾਈਨਾਂ ਨੂੰ ਵਪਾਰਕ ਵਿਵਹਾਰਕਤਾ ਅਨੁਸਾਰ ਆਪਣੇ ਰੂਟ ਤੈਅ ਕਰਨ ਅਤੇ ਸੇਵਾਵਾਂ ਵਧਾਉਣ ਦੀ ਪੂਰੀ ਆਜ਼ਾਦੀ ਹੈ। ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਰਾਜ ਸਭਾ ਵਿੱਚ ਪ੍ਰਸ਼ਨਾਂ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਹਲਵਾਰਾ ਹਵਾਈ ਅੱਡਾ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਦੇ ਸਾਂਝੇ ਉੱਦਮ ਰਾਹੀਂ ਵਿਕਸਤ ਕੀਤਾ ਗਿਆ ਹੈ ਅਤੇ ਇਸ ਨਾਲ ਜੁੜੇ ਵਿਕਾਸ ਕਾਰਜ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਪਰ ਮੰਤਰੀ ਨੇ ਸਪੱਸ਼ਟ ਕੀਤਾ ਕਿ ਵਰਤਮਾਨ ਵਿੱਚ ਇੱਥੋਂ ਕੋਈ ਵੀ ਨਿਰਧਾਰਤ ਉਡਾਣ ਨਹੀਂ ਚੱਲ ਰਹੀ। ਇਹ ਜਵਾਬ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦਿੱਤਾ ਗਿਆ ਸੀ। ਗੁਪਤਾ ਨੇ ਪੁੱਛਿਆ ਸੀ ਕਿ ਹਲਵਾਰਾ ਹਵਾਈ ਅੱਡੇ ਤੋਂ ਕਿੰਨੀਆਂ ਉਡਾਣਾਂ ਚੱਲ ਰਹੀਆਂ ਹਨ, ਕਿਹੜੇ ਰੂਟਾਂ ’ਤੇ ਸੇਵਾਵਾਂ ਉਪਲਬਧ ਹਨ, ਕਿਹੜੀਆਂ ਏਅਰਲਾਈਨਾਂ ਸ਼ਾਮਲ ਹਨ ਅਤੇ ਮੁੱਖ ਸ਼ਹਿਰਾਂ ਨਾਲ ਬਿਹਤਰ ਸੰਪਰਕ ਲਈ ਸਰਕਾਰ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 1 ਫਰਵਰੀ ਨੂੰ ਵਰਚੁਅਲ ਤੌਰ ’ਤੇ ਇਸ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ ਅਤੇ ਉਸ ਵੇਲੇ ਇਹ ਐਲਾਨ ਕੀਤਾ ਗਿਆ ਸੀ ਕਿ ਮਾਰਚ ਵਿੱਚ ਇੱਥੋਂ ਵਪਾਰਕ ਉਡਾਣਾਂ ਸ਼ੁਰੂ ਹੋ ਜਾਣਗੀਆਂ। ਪਰ ਅਜੇ ਤੱਕ ਲੋਕਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਸਮੇਂ ਵਿੱਚ ਅਫਵਾਹਾਂ ਵੀ ਚੱਲੀਆਂ ਸਨ ਕਿ ਟਰਾਇਲ ਫਲਾਈਟਾਂ ਹੋਈਆਂ ਹਨ ਜਾਂ ਦਿੱਲੀ ਤੱਕ ਉਡਾਣ ਭਰੀ ਗਈ ਹੈ, ਪਰ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਅਜੇ ਕੋਈ ਵਪਾਰਕ ਉਡਾਣ ਨਹੀਂ ਹੋਈ।
ਕੇਂਦਰ ਸਰਕਾਰ ਦੇ ਤਾਜ਼ਾ ਬਿਆਨ ਨੇ ਇਸ ਮਾਮਲੇ ’ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਏਅਰਲਾਈਨਾਂ ਨੂੰ ਰੂਟ ਅਤੇ ਸੇਵਾਵਾਂ ਵਧਾਉਣ ਲਈ ਪੂਰੀ ਛੋਟ ਹੈ, ਪਰ ਵਪਾਰਕ ਵਿਵਹਾਰਕਤਾ ਅਤੇ ਹੋਰ ਤਕਨੀਕੀ, ਸੁਰੱਖਿਆ ਪ੍ਰਕਿਰਿਆਵਾਂ ਕਾਰਨ ਅਜੇ ਉਡਾਣਾਂ ਸ਼ੁਰੂ ਨਹੀਂ ਹੋ ਸਕੀਆਂ। ਲੁਧਿਆਣਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕ ਇਸ ਹਵਾਈ ਅੱਡੇ ਤੋਂ ਜਲਦੀ ਉਡਾਣਾਂ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ, ਜੋ ਸ਼ਹਿਰ ਦੇ ਵਪਾਰ ਅਤੇ ਯਾਤਰਾ ਨੂੰ ਨਵੀਂ ਰਫ਼ਤਾਰ ਦੇ ਸਕਦੀਆਂ ਹਨ।