ਮੁੱਖ ਮੰਤਰੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ ਮਹਿਲਾ ਅਧਿਕਾਰੀਆਂ ਤੇ ਹੋਰਾਂ ਦਾ ਸਨਮਾਨ
ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ, ਮੁਫ਼ਤ ਬੱਸ ਸੇਵਾ, ਪੈਨਸ਼ਨ ਸਕੀਮਾਂ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਰਾਹੀਂ ਮਹਿਲਾਵਾਂ ਨੂੰ ਅੱਗੇ ਵਧਣ ਲਈ ਮਜ਼ਬੂਤ ਮੌਕੇ ਦਿੱਤੇ ਜਾ ਰਹੇ ਹਨ। ਮਹਿਲਾਵਾਂ ਦੇ ਮਾਣ-ਸਨਮਾਨ, ਬਰਾਬਰੀ ਅਤੇ ਉਹਨਾਂ ਨੂੰ ਬਣਦੇ ਹੱਕ ਦੇਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ।
Publish Date: Sat, 07 Mar 2026 04:37 PM (IST)
Updated Date: Sat, 07 Mar 2026 04:38 PM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ 'ਚ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਪੁੱਜੇ।ਇਸ ਸਮਾਗਮ ਦੀ ਪ੍ਰਧਾਨਗੀ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਕੀਤੀ। ਮੁੱਖ ਮੰਤਰੀ ਨੇ ਸਮਾਗਮ ਦੌਰਾਨ ਜਿੱਥੇ ਪੰਜਾਬ ਦੀਆਂ ਮਹਿਲਾ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ, ਉੱਥੇ ਔਰਤਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਮੁੱਖ ਮੰਤਰੀ ਨੇ ਸਿੱਖਿਆ, ਸਮਾਜਿਕ ਤਰੱਕੀ ਅਤੇ ਦੇਸ਼ ਦੇ ਵਿਕਾਸ ਵਿੱਚ ਮਹਿਲਾਵਾਂ ਵੱਲੋਂ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਔਰਤਾਂ ਬਿਨਾਂ ਜੇਕਰ ਘਰ ਨਹੀਂ ਚੱਲ ਸਕਦਾ, ਤਾਂ ਔਰਤਾਂ ਬਿਨਾਂ ਦੇਸ਼ ਵੀ ਨਹੀਂ ਚੱਲ ਸਕਦਾ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਸਮਾਜਿਕ ਅਤੇ ਆਰਥਿਕ ਵਿਕਾਸ ਤੱਕ ਮਹਿਲਾਵਾਂ ਨੇ ਬੇਮਿਸਾਲ ਯੋਗਦਾਨ ਦਿੱਤਾ ਹੈ। ਅੱਜ ਮਹਿਲਾਵਾਂ ਸਿੱਖਿਆ, ਪ੍ਰਸ਼ਾਸਨ, ਰੱਖਿਆ, ਖੇਤੀਬਾੜੀ, ਵਿਗਿਆਨ ਅਤੇ ਰਾਜਨੀਤੀ ਸਮੇਤ ਹਰ ਖੇਤਰ ਵਿੱਚ ਉੱਚੀਆਂ ਉਡਾਣਾਂ ਭਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਹਰ ਪੱਖੋਂ ਮਜ਼ਬੂਤੀ ਲਈ ਸਾਡੀ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ। ਸਰਕਾਰੀ ਨੌਕਰੀਆਂ ਵਿੱਚ 33 ਫ਼ੀਸਦੀ ਰਾਖਵਾਂਕਰਨ, ਮੁਫ਼ਤ ਬੱਸ ਸੇਵਾ, ਪੈਨਸ਼ਨ ਸਕੀਮਾਂ ਅਤੇ ਵੱਖ-ਵੱਖ ਭਲਾਈ ਯੋਜਨਾਵਾਂ ਰਾਹੀਂ ਮਹਿਲਾਵਾਂ ਨੂੰ ਅੱਗੇ ਵਧਣ ਲਈ ਮਜ਼ਬੂਤ ਮੌਕੇ ਦਿੱਤੇ ਜਾ ਰਹੇ ਹਨ। ਮਹਿਲਾਵਾਂ ਦੇ ਮਾਣ-ਸਨਮਾਨ, ਬਰਾਬਰੀ ਅਤੇ ਉਹਨਾਂ ਨੂੰ ਬਣਦੇ ਹੱਕ ਦੇਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ।