10ਵੀਂ ਦਾ ਪੇਪਰ ਦੇਣ ਲਈ ਆਪਣੀ ਥਾਂ ਭੇਜਿਆ ਸਹੇਲੀ ਨੂੰ, ਦੋ ਵਿਦਿਆਰਥਣਾਂ ਖ਼ਿਲਾਫ਼ ਕੇਸ ਦਰਜ
ਮਿਲੀ ਜਾਣਕਾਰੀ ਅਨੁਸਾਰ 10ਵੀਂ ਜਮਾਤ ਦਾ ਪੇਪਰ ਚੱਲ ਰਿਹਾ ਸੀ। ਪਰਿਖਿਆ ਕੇਂਦਰ ਦੇ ਸੁਪਰਡੈਂਟ ਭੁਪਿੰਦਰ ਪਾਲ ਸਿੰਘ ਆਪਣੀ ਟੀਮ ਨਾਲ ਕਮਰਿਆਂ ਵਿੱਚ ਅਚਾਨਕ ਵਿਦਿਆਰਥੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਜਦੋਂ ਟੀਮ ਇਕ ਵਿਦਿਆਰਥਣ ਦੀ ਡੈਸਕ ਕੋਲ ਪਹੁੰਚੀ ਤਾਂ ਉਥੇ ਬੈਠੀ ਲੜਕੀ ਘਬਰਾ ਗਈ। ਸ਼ੱਕ ਹੋਣ ’ਤੇ ਸੁਪਰਡੈਂਟ ਨੇ ਉਸ ਦੀ ਰੋਲ ਨੰਬਰ ਸਲਿੱਪ ਦੀ ਜਾਂਚ ਕੀਤੀ।
Publish Date: Wed, 11 Mar 2026 10:55 AM (IST)
Updated Date: Wed, 11 Mar 2026 11:00 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਪੇਪਰਾਂ ਦੌਰਾਨ ਜਾਲਸਾਜ਼ੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਰਾਭਾ ਨਗਰ ਦੇ ਸਰਕਾਰੀ ਹਾਈ ਸਕੂਲ ਵਿੱਚ ਇਕ ਵਿਦਿਆਰਥਣ ਨੇ ਆਪਣੀ ਥਾਂ ਆਪਣੀ ਸਹੇਲੀ ਨੂੰ ਪੇਪਰ ਦੇਣ ਲਈ ਭੇਜ ਦਿੱਤਾ। ਹਾਲਾਂਕਿ ਕੇਂਦਰ ਦੇ ਸੁਪਰਡੈਂਟ ਦੀ ਚੌਕਸੀ ਕਾਰਨ ਇਹ ਫਰਜੀਵਾਡਾ ਸਮੇਂ ਸਿਰ ਬੇਨਕਾਬ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਦੋਵਾਂ ਵਿਦਿਆਰਥਣਾਂ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ 10ਵੀਂ ਜਮਾਤ ਦਾ ਪੇਪਰ ਚੱਲ ਰਿਹਾ ਸੀ। ਪਰਿਖਿਆ ਕੇਂਦਰ ਦੇ ਸੁਪਰਡੈਂਟ ਭੁਪਿੰਦਰ ਪਾਲ ਸਿੰਘ ਆਪਣੀ ਟੀਮ ਨਾਲ ਕਮਰਿਆਂ ਵਿੱਚ ਅਚਾਨਕ ਵਿਦਿਆਰਥੀਆਂ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਜਦੋਂ ਟੀਮ ਇਕ ਵਿਦਿਆਰਥਣ ਦੀ ਡੈਸਕ ਕੋਲ ਪਹੁੰਚੀ ਤਾਂ ਉਥੇ ਬੈਠੀ ਲੜਕੀ ਘਬਰਾ ਗਈ। ਸ਼ੱਕ ਹੋਣ ’ਤੇ ਸੁਪਰਡੈਂਟ ਨੇ ਉਸ ਦੀ ਰੋਲ ਨੰਬਰ ਸਲਿੱਪ ਦੀ ਜਾਂਚ ਕੀਤੀ।
ਜਾਂਚ ਦੌਰਾਨ ਪਤਾ ਲੱਗਿਆ ਕਿ ਰੋਲ ਨੰਬਰ ਸਲਿਪ ’ਤੇ ਲੱਗੀ ਤਸਵੀਰ ਪੇਪਰ ਦੇ ਰਹੀ ਲੜਕੀ ਦੇ ਚਿਹਰੇ ਨਾਲ ਮੇਲ ਨਹੀਂ ਸੀ ਖਾ ਰਹੀ। ਲੜਕੀ ਕੋਲੋਂ ਪੁੱਛਗਿੱਛ ਕਰਨ ’ਤੇ ਖੁਲਾਸਾ ਹੋਇਆ ਕਿ ਅਸਲ ਵਿਦਿਆਰਥਣ ਦੀ ਥਾਂ ਉਸ ਦੀ ਸਹੇਲੀ ਪੇਪਰ ਦੇ ਰਹੀ ਸੀ। ਮਾਮਲਾ ਸਾਹਮਣੇ ਆਉਂਦੇ ਹੀ ਕੇਂਦਰ ਦੇ ਸੁਪਰਡੈਂਟ ਨੇ ਤੁਰੰਤ ਨਕਲ ਅਤੇ ਫਰਜੀਵਾਡੇ ਦੀ ਰਿਪੋਰਟ ਤਿਆਰ ਕਰ ਲਈ।
ਪਹਿਲਾਂ ਇਹ ਮਾਮਲਾ ਸਿੱਖਿਆ ਵਿਭਾਗ ਦੇ ਅੰਦਰ ਹੀ ਰਿਹਾ, ਪਰ ਜਿਵੇਂ ਹੀ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ। ਦੇਰ ਸ਼ਾਮ ਥਾਣਾ ਨੰਬਰ 5 ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ।
ਪੁਲਿਸ ਨੇ ਬੋਰਡ ਦੀਆਂ ਹਦਾਇਤਾਂ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਭਾਰਤੀ ਨਿਆਂ ਸੰਹਿਤਾ (ਬੀਐਨਐਸ ) ਦੀ ਧਾਰਾ 319 (2) ਪਹਿਚਾਣ ਬਦਲ ਕੇ ਧੋਖਾਧੜੀ ਕਰਨਾ, ਧਾਰਾ 318 (2) ਧੋਖਾਧੜੀ ਅਤੇ ਬੇਇਮਾਨੀ ਅਤੇ ਧਾਰਾ 61 (2) ਅਪਰਾਧਿਕ ਸਾਜ਼ਿਸ਼ ਰਚਣ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵਾਂ ਵਿਦਿਆਰਥਣਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।