ਲਵ ਮੈਰਿਜ ਦਾ ਖੂਨੀ ਅੰਤ: ਲੁਧਿਆਣਾ 'ਚ 18 ਸਾਲਾ ਨਵ-ਵਿਆਹੁਤਾ ਦਾ ਗਲਾ ਘੁੱਟ ਕੇ ਕਤਲ, ਵਾਰਦਾਤ ਮਗਰੋਂ ਪਤੀ ਫ਼ਰਾਰ
ਪੁਲਿਸ ਦੇ ਅਨੁਸਾਰ, ਮ੍ਰਿਤਕਾ ਦੇ ਗਲੇ ’ਤੇ ਘੁੱਟਣ ਦੇ ਸਾਫ ਨਿਸ਼ਾਨ ਮਿਲੇ ਹਨ, ਜਿਸ ਨਾਲ ਕਤਲ ਦੀ ਪੁਸ਼ਟੀ ਹੋ ਰਹੀ ਹੈ। ਸ਼ੱਕ ਦੀ ਸੂਈ ਪਤੀ ਅਮਨ ਵੱਲ ਜਾ ਰਹੀ ਹੈ, ਜੋ ਘਟਨਾ ਤੋਂ ਬਾਅਦ ਤੋਂ ਲਾਪਤਾ ਹੈ। ਥਾਣਾ ਸ਼ਿਮਲਾਪੁਰੀ ਦੇ ਏਐੱਸਆਈ ਰਵਿੰਦਰ ਕੁਮਾਰ ਮੁਤਾਬਕ ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਹਾਲ ਹੀ ’ਚ ਵਿਆਹ ਕਰਕੇ ਲੁਧਿਆਣਾ ਆਏ ਸਨ।
Publish Date: Mon, 23 Mar 2026 09:55 AM (IST)
Updated Date: Mon, 23 Mar 2026 09:58 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ’ਚ ਲਵ ਮੈਰਿਜ ਕਰਕੇ ਰਹਿ ਰਹੀ 18 ਸਾਲਾ ਨੌਜਵਾਨ ਕੁੜੀ ਦੀ ਸ਼ੱਕੀ ਹਾਲਾਤ ’ਚ ਹੱਤਿਆ ਕਰ ਦਿੱਤੀ ਗਈ। ਮੌਤ ਤੋਂ ਬਾਅਦ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। ਮ੍ਰਿਤਕਾ ਦੀ ਪਛਾਣ ਸੁਮਨ ਵਜੋਂ ਹੋਈ ਹੈ, ਜਿਸ ਨੇ ਲੱਗਭੱਗ ਤਿੰਨ ਮਹੀਨੇ ਪਹਿਲਾਂ ਹੀ ਅਮਨ ਨਾਮ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵੇਂ ਲੁਧਿਆਣਾ ’ਚ ਇਕ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੇ ਘਰ ਦੇ ਬਾਹਰ ਬਿਲਕੁਲ ਵੀ ਕੋਈ ਹਲਚਲ ਨਹੀਂ ਸੀ, ਜਿਸ ਦੇ ਚੱਲਦਿਆਂ ਐਤਵਾਰ ਨੂੰ ਗੁਆਂਢੀਆਂ ਨੂੰ ਸ਼ੱਕ ਹੋ ਗਿਆ। ਸ਼ੱਕ ਇਸ ਕਾਰਨ ਵੀ ਸੀ ਕਿ ਘਰ ਬਾਹਰੋਂ ਬੰਦ ਸੀ, ਇਸ ਸਬੰਧੀ ਗੁਆਂਢੀਆਂ ਨੇ ਮਕਾਨ ਮਾਲਕ ਨੂੰ ਸੂਚਨਾ ਦਿੱਤੀ ਗਈ। ਜਦੋਂ ਗੇਟ ਤੋੜ ਕੇ ਅੰਦਰ ਦਾਖਲ ਹੋਏ ਤਾਂ ਸੁਮਨ ਦੀ ਲਾਸ਼ ਕਮਰੇ ’ਚ ਪਈ ਮਿਲੀ।
ਪੁਲਿਸ ਦੇ ਅਨੁਸਾਰ, ਮ੍ਰਿਤਕਾ ਦੇ ਗਲੇ ’ਤੇ ਘੁੱਟਣ ਦੇ ਸਾਫ ਨਿਸ਼ਾਨ ਮਿਲੇ ਹਨ, ਜਿਸ ਨਾਲ ਕਤਲ ਦੀ ਪੁਸ਼ਟੀ ਹੋ ਰਹੀ ਹੈ। ਸ਼ੱਕ ਦੀ ਸੂਈ ਪਤੀ ਅਮਨ ਵੱਲ ਜਾ ਰਹੀ ਹੈ, ਜੋ ਘਟਨਾ ਤੋਂ ਬਾਅਦ ਤੋਂ ਲਾਪਤਾ ਹੈ। ਥਾਣਾ ਸ਼ਿਮਲਾਪੁਰੀ ਦੇ ਏਐੱਸਆਈ ਰਵਿੰਦਰ ਕੁਮਾਰ ਮੁਤਾਬਕ ਦੋਵੇਂ ਬਿਹਾਰ ਦੇ ਰਹਿਣ ਵਾਲੇ ਸਨ ਅਤੇ ਹਾਲ ਹੀ ’ਚ ਵਿਆਹ ਕਰਕੇ ਲੁਧਿਆਣਾ ਆਏ ਸਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਨ ਨੇ ਹੀ ਸੁਮਨ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਵੀ ਦੋਸ਼ ਲਾਇਆ ਹੈ ਕਿ ਅਮਨ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਘਟਨਾ ਦੀ ਸੂਚਨਾ ਪਰਿਵਾਰ ਨੂੰ ਦੇ ਦਿੱਤੀ ਗਈ ਹੈ ਅਤੇ ਉਹ ਲੁਧਿਆਣਾ ਵੱਲ ਰਵਾਨਾ ਹੋ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।