ਜਗਰਾਉਂ ਪੁਲਿਸ ਦੀ ਵੱਡੀ ਸਫਲਤਾ: ਕੈਨੇਡਾ ਬੈਠੇ ਗੈਂਗਸਟਰ ਦੇ ਦੋ ਦੋਸਤ ਅਸਲੇ ਸਮੇਤ ਗ੍ਰਿਫ਼ਤਾਰ, ਲੁਧਿਆਣਾ 'ਚ ਵਾਰਦਾਤ ਕਰਨ ਦੀ ਸੀ ਯੋਜਨਾ
ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਕਿੰਦਾ ਅਤੇ ਹਰਸ਼ਦੀਪ ਸਿੰਘ ਉਰਫ਼ ਬਿੱਲਾ (ਦੋਵੇਂ ਵਾਸੀ ਪਿੰਡ ਨੰਗਲ) ਵਜੋਂ ਕੀਤੀ ਹੈ। ਪੁਲਿਸ ਨੇ ਇਹਨਾਂ ਦੋਵਾਂ ਦੇ ਨਾਲ-ਨਾਲ ਕੈਨੇਡਾ ਰਹਿੰਦੇ ਗੈਂਗਸਟਰ ਗੋਪੀ ਲਹੌਰੀਆ ਨੂੰ ਵੀ ਇਸ ਮੁਕੱਦਮੇ ਵਿੱਚ ਨਾਮਜ਼ਦ ਕਰ ਲਿਆ ਹੈ।
Publish Date: Fri, 17 Apr 2026 11:43 AM (IST)
Updated Date: Fri, 17 Apr 2026 11:45 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਉਂ। ਜਗਰਾਉਂ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਲੁਧਿਆਣਾ ਸ਼ਹਿਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਦੋ ਨੌਜਵਾਨਾਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਕੈਨੇਡਾ ਵਿੱਚ ਬੈਠੇ ਖ਼ਤਰਨਾਕ ਗੈਂਗਸਟਰ ਦਵਿੰਦਰ ਪਾਲ ਸਿੰਘ ਉਰਫ਼ ਗੋਪੀ ਲਹੌਰੀਆ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸਨ।
ਥਾਣਾ ਸਦਰ ਜਗਰਾਉਂ ਦੇ ਏ.ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਦੋ ਹਥਿਆਰਬੰਦ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਗਰਾਉਂ ਦੇ ਰਸਤੇ ਲੁਧਿਆਣਾ ਵੱਲ ਜਾ ਰਹੇ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਪਿੰਡ ਗੁਰੂਸਰ ਕੌਂਕੇ ਨੇੜੇ ਨਾਕਾਬੰਦੀ ਕੀਤੀ।
ਨਾਕੇਬੰਦੀ ਦੌਰਾਨ ਜਦੋਂ ਇੱਕ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਕੋਲੋਂ 32 ਬੋਰ ਦੇ ਦੋ ਦੇਸੀ ਪਿਸਤੌਲ, ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਹਥਿਆਰ ਉਨ੍ਹਾਂ ਨੇ ਗੈਂਗਸਟਰ ਗੋਪੀ ਲਹੌਰੀਆ ਵੱਲੋਂ ਦੱਸੇ ਗਏ ਇੱਕ ਗੁਪਤ ਠਿਕਾਣੇ ਤੋਂ ਚੁੱਕੇ ਸਨ।