- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਂਚ ਵਿੱਚ ਸਾਹਮਣੇ ਆਇਆ ਕਿ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ, ਗਲਤ ਜਾਣਕਾਰੀ, ਹੋਰਨਾਂ ਦੇ ਮੋਬਾਈਲ ਨੰਬਰਾਂ ਅਤੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਹਾਸਲ ਕੀਤੀਆਂ ਗਈਆਂ। ਕੁਝ ਮਾਮਲਿਆਂ ਵਿੱਚ ਫਰਜ਼ੀ ਬਿੱਲਾਂ ਦੇ ਆਧਾਰ 'ਤੇ ਇਨਪੁੱਟ ਟੈਕਸ ਕਰੈਡਿਟ ਦਾ ਲਾਭ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਹਨ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਵਿੱਚ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਜੀਐਸਟੀ ਰਜਿਸਟ੍ਰੇਸ਼ਨਾਂ ਨਾਲ ਜੁੜੇ ਕਥਿਤ ਘਪਲਿਆਂ ਦਾ ਵੱਡਾ ਖੁਲਾਸਾ ਹੋਇਆ ਹੈ। ਵਿਭਾਗ ਦੇ ਵੱਖ-ਵੱਖ ਸਟੇਟ ਟੈਕਸ ਅਧਿਕਾਰੀਆਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਸ਼ਹਿਰ ਦੇ ਅਲੱਗ-ਅਲੱਗ ਥਾਣਿਆਂ ਵਿੱਚ 8 ਫਰਮਾਂ ਅਤੇ ਕਾਰੋਬਾਰੀਆਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਕਥਿਤ ਤੌਰ 'ਤੇ ਜਾਅਲੀ ਦਸਤਾਵੇਜ਼ਾਂ, ਗਲਤ ਜਾਣਕਾਰੀ, ਹੋਰਨਾਂ ਦੇ ਮੋਬਾਈਲ ਨੰਬਰਾਂ ਅਤੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਹਾਸਲ ਕੀਤੀਆਂ ਗਈਆਂ। ਕੁਝ ਮਾਮਲਿਆਂ ਵਿੱਚ ਫਰਜ਼ੀ ਬਿੱਲਾਂ ਦੇ ਆਧਾਰ 'ਤੇ ਇਨਪੁੱਟ ਟੈਕਸ ਕਰੈਡਿਟ ਦਾ ਲਾਭ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਦੋਸ਼ ਹਨ। ਪੁਲਿਸ ਨੇ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲੇ ਮਾਮਲੇ ਵਿੱਚ ਪੁਲਿਸ ਨੇ ਸਟੇਟ ਟੈਕਸ ਅਫ਼ਸਰ ਬਲਕਰਨ ਸਿੰਘ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਮੁਲਜ਼ਮ ਰਮਨਦੀਪ ਸਿੰਘ ਮਾਲਕ ਅਲਫ਼ਾ ਟਰੇਡਿੰਗ ਕੰਪਨੀ, ਹਾਲ ਵਾਸੀ ਸੁੰਦਰ ਨਗਰ, ਲੁਧਿਆਣਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਜੀਐਸਟੀ ਰਜਿਸਟ੍ਰੇਸ਼ਨ ਅਥਾਰਟੀ ਅੱਗੇ ਗਲਤ ਅਤੇ ਮਨਘੜਤ ਤੱਥ ਪੇਸ਼ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਹਾਸਲ ਕੀਤੀ। ਇਹ ਮੁਕੱਦਮਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸਟੇਟ ਟੈਕਸ ਅਫ਼ਸਰ ਵਿਕਰਮਜੀਤ ਸਿੰਘ ਬਾਜਵਾ ਦੀ ਸ਼ਿਕਾਇਤ 'ਤੇ ਗਿਆਸਪੁਰਾ ਦੀ ਸੀਕੇ ਇੰਡਸਟਰੀਜ਼ ਦੇ ਮਾਲਕ ਜਾਂ ਅਸਲ ਲਾਭਪਾਤਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਜਾਅਲੀ ਦਸਤਾਵੇਜ਼ਾਂ, ਕਿਸੇ ਹੋਰ ਵਿਅਕਤੀ ਦੇ ਮੋਬਾਈਲ ਨੰਬਰ ਅਤੇ ਬੈਂਕ ਖਾਤੇ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਹਾਸਲ ਕੀਤੀ ਗਈ ਅਤੇ ਫਰਜ਼ੀ ਬਿੱਲਾਂ ਰਾਹੀਂ ਇਨਪੁੱਟ ਟੈਕਸ ਕਰੈਡਿਟ ਦਾ ਗਲਤ ਲਾਭ ਲਿਆ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਸਟੇਟ ਟੈਕਸ ਅਫ਼ਸਰ ਅਰੁਣ ਕੁਮਾਰ ਜੈਨ ਦੀ ਸ਼ਿਕਾਇਤ 'ਤੇ ਮਾਨ ਕਲੋਨੀ ਦੇ ਪੂਜਾ ਐਂਟਰਪ੍ਰਾਈਜ਼ਿਜ਼ ਦੇ ਮਾਲਕ ਜਾਂ ਅਸਲ ਲਾਭਪਾਤਰੀ ਮਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜਾਅਲੀ ਦਸਤਾਵੇਜ਼ਾਂ, ਹੋਰਨਾਂ ਦੇ ਮੋਬਾਈਲ ਨੰਬਰਾਂ ਅਤੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਗਈ ਅਤੇ ਫਰਜ਼ੀ ਬਿੱਲਾਂ ਰਾਹੀਂ ਇਨਪੁੱਟ ਟੈਕਸ ਕਰੈਡਿਟ ਦਾ ਗਲਤ ਲਾਭ ਲਿਆ ਗਿਆ।
ਥਾਣਾ ਡਾਬਾ ਦੀ ਪੁਲਿਸ ਨੇ ਹੀ ਸਟੇਟ ਟੈਕਸ ਅਫ਼ਸਰ ਅਰੁਣ ਕੁਮਾਰ ਜੈਨ ਦੀ ਸ਼ਿਕਾਇਤ 'ਤੇ ਸ਼੍ਰੀ ਰਾਧੇ ਟਰੇਡਿੰਗ ਕੰਪਨੀ, ਮਹਾਂ ਸਿੰਘ ਨਗਰ, ਲੁਧਿਆਣਾ ਦੇ ਮਾਲਕ ਜਾਂ ਅਸਲ ਲਾਭਪਾਤਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਜਾਅਲੀ ਦਸਤਾਵੇਜ਼ਾਂ ਅਤੇ ਹੋਰ ਵਿਅਕਤੀਆਂ ਦੇ ਵੇਰਵਿਆਂ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਹਾਸਲ ਕੀਤੀ ਗਈ ਅਤੇ ਫਰਜ਼ੀ ਬਿੱਲਾਂ ਰਾਹੀਂ ਇਨਪੁੱਟ ਟੈਕਸ ਕਰੈਡਿਟ ਦਾ ਗਲਤ ਲਾਭ ਲਿਆ ਗਿਆ।
ਥਾਣਾ ਡਾਬਾ ਦੀ ਪੁਲਿਸ ਨੇ ਸਟੇਟ ਟੈਕਸ ਅਫ਼ਸਰ ਵਿਨੋਦ ਦੀ ਸ਼ਿਕਾਇਤ 'ਤੇ ਸੀਤਮ ਐਂਟਰਪ੍ਰਾਈਜ਼ਿਜ਼, ਬਸੰਤ ਨਗਰ, ਲੋਹਾਰਾ, ਲੁਧਿਆਣਾ ਦੇ ਮਾਲਕ ਜਾਂ ਅਸਲ ਲਾਭਪਾਤਰੀ ਮਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤ ਅਨੁਸਾਰ ਜਾਅਲੀ ਦਸਤਾਵੇਜ਼ਾਂ ਅਤੇ ਹੋਰ ਵਿਅਕਤੀਆਂ ਦੇ ਮੋਬਾਈਲ ਨੰਬਰਾਂ ਅਤੇ ਬੈਂਕ ਖਾਤਿਆਂ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਗਈ ਅਤੇ ਫਰਜ਼ੀ ਇਨਪੁੱਟ ਟੈਕਸ ਕਰੈਡਿਟ ਦਾ ਲਾਭ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ।
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਸਟੇਟ ਟੈਕਸ ਅਫ਼ਸਰ ਦੀ ਸ਼ਿਕਾਇਤ 'ਤੇ ਮੁਲਜਮ ਸੋਹਣਜੀਤ ਸਿੰਘ, ਮਾਲਕ ਖਾਲਸਾ ਐਂਟਰਪ੍ਰਾਈਜ਼ਿਜ਼, ਮਕਾਨ ਨੰਬਰ 5338, ਗਲੀ ਨੰਬਰ 5, ਗਿੱਲ ਰੋਡ, ਚਿਮਨੀ ਰੋਡ, ਲੁਧਿਆਣਾ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਦੋਸ਼ ਹੈ ਕਿ ਮੁਲਜਮ ਨੇ ਜਾਅਲੀ ਦਸਤਾਵੇਜ਼ਾਂ ਅਤੇ ਜਾਅਲੀ ਇਲੈਕਟ੍ਰਾਨਿਕ ਰਿਕਾਰਡ ਦੀ ਵਰਤੋਂ ਕਰਕੇ ਸਰਕਾਰ ਨਾਲ ਧੋਖਾਧੜੀ ਕੀਤੀ।
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਹੀ ਸਟੇਟ ਟੈਕਸ ਅਫ਼ਸਰ ਦੀ ਸ਼ਿਕਾਇਤ 'ਤੇ ਮੁਲਜਮ ਅਮਿਤ ਕੁਮਾਰ, ਮਾਲਕ ਗਣਪਤੀ ਪੈਕਰਜ਼ ਇੰਡਸਟਰੀਜ਼, ਗਲੀ ਨੰਬਰ 14, ਸ਼ਿਮਲਾਪੁਰੀ, ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਮੁਲਜਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸਰਕਾਰ ਨਾਲ ਧੋਖਾਧੜੀ ਕੀਤੀ।
ਥਾਣਾ ਡਿਵੀਜ਼ਨ ਨੰਬਰ-6 ਦੀ ਪੁਲਿਸ ਨੇ ਸਟੇਟ ਟੈਕਸ ਅਫ਼ਸਰ ਦੀ ਸ਼ਿਕਾਇਤ 'ਤੇ ਮੁਲਜਮ ਬੈਨੀਪਾਲ ਇੰਡਸਟਰੀਜ਼, ਪ੍ਰਭਾਤ ਨਗਰ, ਢੋਲੇਵਾਲ, ਲੁਧਿਆਣਾ ਦੇ ਮਾਲਕ ਜਾਂ ਅਸਲ ਲਾਭਪਾਤਰੀ ਮਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਦੋਸ਼ ਹੈ ਕਿ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਜੀਐਸਟੀ ਰਜਿਸਟ੍ਰੇਸ਼ਨ ਹਾਸਲ ਕੀਤੀ ਗਈ ਅਤੇ ਸਰਕਾਰ ਨਾਲ ਧੋਖਾਧੜੀ ਕੀਤੀ ਗਈ।
ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਸਾਰੇ ਮਾਮਲੇ ਜੀਐਸਟੀ ਪ੍ਰਣਾਲੀ ਦੀ ਕਥਿਤ ਦੁਰਵਰਤੋਂ ਅਤੇ ਸਰਕਾਰੀ ਮਾਲੀਏ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਿਤ ਹਨ। ਪੁਲਿਸ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।