ਸਾਵਧਾਨ ! ਲੁਧਿਆਣਾ 'ਚ ਬਜ਼ੁਰਗ ਮਹਿਲਾ ਨਾਲ ਵੱਡੀ ਠੱਗੀ, ATM ਕਾਰਡ ਬਦਲ ਕੇ ਖਾਤੇ 'ਚੋਂ ਉਡਾਏ 2.05 ਲੱਖ ਰੁਪਏ
ਨੌਸਰਬਾਜ਼ ਨੇ ਚਲਾਕੀ ਨਾਲ ਮਹਿਲਾ ਦਾ ਏਟੀਐਮ ਕਾਰਡ ਬਦਲ ਲਿਆ। ਕੁਝ ਹੀ ਸਮੇਂ ਬਾਅਦ ਔਰਤ ਨੂੰ ਪਤਾ ਲੱਗਾ ਕੇ ਉਸਦੇ ਖਾਤੇ ਵਿਚੋਂ ਕਰੀਬ 2 ਲੱਖ 5 ਹਜ਼ਾਰ ਰੁਪਏ ਕੱਢ ਲਈ ਗਈ ਹੈ । ਬਜ਼ੁਰਗ ਮਹਿਲਾ ਨੇ ਦੱਸਿਆ ਕਿ ਨੌਸਰਬਾਜੀ ਦੀ ਇਸ ਵਾਰਦਾਤ ਵਿੱਚ ਉਸਦਾ ਵੱਡਾ ਵਿਤੀ ਨੁਕਸਾਨ ਹੋਇਆ ਹੈ।
Publish Date: Sat, 11 Apr 2026 12:49 PM (IST)
Updated Date: Sat, 11 Apr 2026 12:53 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਜ਼ੀਰਕਪੁਰ ਤੋਂ ਲੁਧਿਆਣਾ ਆਈ ਇੱਕ ਬਜ਼ੁਰਗ ਔਰਤ ਨੂੰ ਨੌਸਰਬਾਜ ਨੇ ਨਿਸ਼ਾਨਾ ਬਣਾ ਲਿਆ। ਏਟੀਐਮ ਮਸ਼ੀਨ ਚੋਂ ਨਕਦੀ ਕਢਵਾ ਰਹੀ ਬਜ਼ੁਰਗ ਔਰਤ ਦਾ ਏਟੀਐਮ ਕਾਰਡ ਬਦਲ ਕੇ ਮੁਲਜਮ ਰਫੂ ਚੱਕਰ ਹੋ ਗਿਆ, ਜਿਸ ਤੋਂ ਬਾਅਦ ਔਰਤ ਨੂੰ ਪਤਾ ਲੱਗਾ ਕਿ ਉਸਦੇ ਖਾਤੇ ਚੋਂ ਲੱਖਾਂ ਰੁਪਏ ਦੀ ਨਕਦੀ ਟਰਾਂਸਫਰ ਹੋ ਗਈ ਹੈ।
ਥਾਣਾ ਸਲੇਮ ਟਾਬਰੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਮੋਤੀਆ ਰੋਇਲ ਸਿਟੀ ਜ਼ੀਰਕਪੁਰ ਦੀ ਵਾਸੀ ਚੰਚਲ ਗੁਲਾਟੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਆਈ ਹੋਈ ਸੀ। ਬੀਤੇ ਦਿਨ ਉਹ ਪੈਸੇ ਕੱਢਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ, ਦਾਣਾ ਮੰਡੀ ਬਹਾਦਰਕੇ ਰੋਡ ਦੀ ਏਟੀਐਮ ਕੈਬਿਨ ਵਿੱਚ ਦਾਖਲ ਹੋਈ। ਇਸੇ ਦੌਰਾਨ ਇੱਕ ਅਣਪਛਾਤਾ ਵਿਅਕਤੀ ਕੈਬਿਨ ਦੇ ਅੰਦਰ ਦਾਖਲ ਹੋਇਆ ਅਤੇ ਨਕਦੀ ਕਢਵਾਉਣ ਵਿੱਚ ਔਰਤ ਦੀ ਮਦਦ ਕਰਨ ਲਈ ਗੱਲਾਂ ਕਰਨ ਲੱਗ ਪਿਆ। ਵਿਅਕਤੀ ਨੇ ਮਦਦ ਦੇ ਨਾਂ 'ਤੇ ਉਸਨੂੰ ਆਪਣੀ ਗੱਲਾਂ ਵਿੱਚ ਲਗਾ ਲਿਆ।
ਨੌਸਰਬਾਜ਼ ਨੇ ਚਲਾਕੀ ਨਾਲ ਮਹਿਲਾ ਦਾ ਏਟੀਐਮ ਕਾਰਡ ਬਦਲ ਲਿਆ। ਕੁਝ ਹੀ ਸਮੇਂ ਬਾਅਦ ਔਰਤ ਨੂੰ ਪਤਾ ਲੱਗਾ ਕੇ ਉਸਦੇ ਖਾਤੇ ਵਿਚੋਂ ਕਰੀਬ 2 ਲੱਖ 5 ਹਜ਼ਾਰ ਰੁਪਏ ਕੱਢ ਲਈ ਗਈ ਹੈ । ਬਜ਼ੁਰਗ ਮਹਿਲਾ ਨੇ ਦੱਸਿਆ ਕਿ ਨੌਸਰਬਾਜੀ ਦੀ ਇਸ ਵਾਰਦਾਤ ਵਿੱਚ ਉਸਦਾ ਵੱਡਾ ਵਿਤੀ ਨੁਕਸਾਨ ਹੋਇਆ ਹੈ।
ਘਟਨਾ ਦਾ ਪਤਾ ਲੱਗਣ 'ਤੇ ਪੀੜਤਾ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜਮ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਹਰਮੇਸ਼ ਲਾਲ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਮੁਲਜਮ ਦੀ ਤਲਾਸ਼ ਕਰਨ ਵਿੱਚ ਜੁਟ ਗਈ ਹੈ। ਜਲਦੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।