119 ਪੇਸ਼ੀਆਂ ਭੁਗਤਣ ਤੋਂ ਬਾਅਦ ਡੀਸੀ ਵਿਵਾਦ ਮਾਮਲੇ ’ਚ ਬੈਂਸ ਬਰੀ, ਕਿਹਾ-ਸੇਵਾ ਜਾਰੀ ਸੀ ਤੇ ਭਵਿੱਖ ’ਚ ਵੀ ਰਹੇਗੀ
ਉਨ੍ਹਾਂ ਕਿਹਾ ਕਿ ਇਹ ਮਾਮਲਾ ਉਸ ਸਮੇਂ ਦਰਜ ਹੋਇਆ ਸੀ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ (ਡੀਸੀ) ਨਾਲ ਇਕ ਲੋਕ ਮਸਲੇ ਦੇ ਹੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਸੀ।
Publish Date: Thu, 12 Mar 2026 10:40 AM (IST)
Updated Date: Thu, 12 Mar 2026 12:35 PM (IST)
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੀ ਸਿਆਸਤ ਦੇ ਦਿੱਗਜ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਲਈ ਵੱਡੀ ਕਾਨੂੰਨੀ ਤੇ ਸਿਆਸੀ ਜਿੱਤ ਲੈ ਕੇ ਆਇਆ ਹੈ ਕਿਉਂਕਿ 119 ਪੇਸ਼ੀਆਂ ਭੁਗਤਣ ਤੋਂ ਬਾਅਦ ਬਟਾਲਾ ਦੀ ਅਦਾਲਤ (ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ) ਨੇ ਸਾਲ 2019 ਦੇ ਬਹੁ-ਚਰਚਿਤ 'ਡੀਸੀ ਦਫ਼ਤਰ ਹੰਗਾਮਾ' ਮਾਮਲੇ ’ਚ ਆਪਣਾ ਅਹਿਮ ਫੈਸਲਾ ਸੁਣਾਉਂਦੇ ਹੋਏ ਮੈਨੂੰ ਅਤੇ ਮੇਰੇ ਸਾਥੀਆਂ ਨੂੰ ਸਾਰੇ ਦੋਸ਼ਾਂ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਹੈ। ਬੈਂਸ ਨੇ ਕਿਹਾ ਕਿ ਮੇਰੇ ਤੇ ਸਾਥੀਆਂ ਦੇ ਬਰੀ ਹੋਣ ਨਾਲ ਸੱਚਾਈ ਦੀ ਜਿੱਤ ਹੋਈ ਹੈ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਉਸ ਸਮੇਂ ਦਰਜ ਹੋਇਆ ਸੀ ਜਦੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ (ਡੀਸੀ) ਨਾਲ ਇਕ ਲੋਕ ਮਸਲੇ ਦੇ ਹੱਲ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਅਤੇ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਦੇ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਨ੍ਹਾਂ, ਦਵਿੰਦਰ ਸਿੰਘ ਅਤੇ ਵਿਜੇ ਤ੍ਰੇਹਨ ਨੂੰ ਬਾ-ਇੱਜ਼ਤ ਬਰੀ ਕੀਤਾ ਹੈ, ਉਨ੍ਹਾਂ ਨੂੰ ਦੇਸ਼ ਦੀ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਸੀ। ਉਨ੍ਹਾਂ ਕਿਹਾ ਕਿ ਲੜਾਈ ਕਦੇ ਨਿੱਜੀ ਨਹੀਂ ਸੀ, ਸਗੋਂ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸੀ, ਅੱਜ ਸੱਚ ਦੀ ਜਿੱਤ ਹੋਈ ਹੈ ਅਤੇ ਅੱਗੇ ਵੀ ਲੋਕਾਂ ਦੀ ਸੇਵਾ ਜਾਰੀ ਰਹੇਗੀ।