ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼, ਔਰਤ ਨੂੰ ਸੰਗਤ ਨੇ ਮੌਕੇ ‘ਤੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
ਹਾਲਾਤ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸਿੰਘਾਂ ਨੇ ਤੁਰੰਤ ਸਚੇਤਤਾ ਦਿਖਾਉਂਦੇ ਹੋਏ ਔਰਤ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।
Publish Date: Thu, 23 Apr 2026 11:16 AM (IST)
Updated Date: Thu, 23 Apr 2026 11:24 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ , ਜਦੋਂ ਇੱਕ ਔਰਤ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਬੇਅਦਬੀ ਦੀ ਨੀਅਤ ਨਾਲ ਅਜੀਬ ਹਰਕਤਾਂ ਕੀਤੀਆਂ ਗਈਆਂ । ਇਹ ਘਟਨਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ, ਜਿਸ ਨਾਲ ਸੰਗਤ ਵਿੱਚ ਗੁੱਸਾ ਅਤੇ ਚਿੰਤਾ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਮਰਾਲਾ ਚੌਂਕ ਦੀ ਰਹਿਣ ਵਾਲੀ ਔਰਤ ਗੀਤਾ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸਿਰ ਤੋਂ ਆਪਣੀ ਚੁੰਨੀ ਉਤਾਰ ਲਈ ਅਤੇ ਬੇਅਦਬੀ ਦੀ ਨੀਅਤ ਨਾਲ ਅਜੀਬ ਹਰਕਤਾਂ ਕਰਨ ਲੱਗ ਪਈ। ਮਹਿਲਾ ਦੀਆਂ ਹਰਕਤਾਂ ਵੇਖ ਕੇ ਉੱਥੇ ਮੌਜੂਦ ਸੰਗਤ ਅਤੇ ਸੇਵਾਦਾਰ ਹੈਰਾਨ ਰਹਿ ਗਏ।
ਹਾਲਾਤ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਸਿੰਘਾਂ ਨੇ ਤੁਰੰਤ ਸਚੇਤਤਾ ਦਿਖਾਉਂਦੇ ਹੋਏ ਔਰਤ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਔਰਤ ਖਿਲਾਫ ਬੀਐਨਐਸ ਦੀ ਧਾਰਾ 298 ਅਤੇ 62 ਹੇਠ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ । ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਦੇ ਪਿੱਛੇ ਕੋਈ ਹੋਰ ਕਾਰਨ ਜਾਂ ਸਾਜ਼ਿਸ਼ ਤਾਂ ਨਹੀਂ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ, ਜਦਕਿ ਸੰਗਤ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ।