ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਲੜਕੀ ਨਾਲ ਜਬਰ-ਜਨਾਹ ਦੀ ਕੋਸ਼ਿਸ਼, ਮੁਲਜ਼ਮ ਖ਼ਿਲਾਫ਼ ਕੇਸ ਦਰਜ
ਕੁਝ ਸਮੇਂ ਬਾਅਦ ਜਦੋਂ ਲੜਕੀ ਨੂੰ ਪਤਾ ਲੱਗਾ ਕਿ ਮੋਹਿਤ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਹੈ, ਤਾਂ ਉਸ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਨਿੱਜੀ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪ੍ਰੇਸ਼ਾਨ ਕਰਨ ਲੱਗਾ।
Publish Date: Thu, 05 Feb 2026 03:29 PM (IST)
Updated Date: Thu, 05 Feb 2026 03:33 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਨਿੱਜੀ ਤਸਵੀਰਾਂ ਵਾਇਰਲ ਕਰਨ ਦਾ ਡਰਾਵਾ ਦੇ ਕੇ ਇੱਕ ਲੜਕੀ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਅਤੇ ਸ਼ਰੇਆਮ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਰਣਜੀਤ ਨਗਰ (ਫਿਰੋਜ਼ਪੁਰ ਰੋਡ) ਦੇ ਰਹਿਣ ਵਾਲੇ ਮੁਲਜ਼ਮ ਮੋਹਿਤ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਜਮਾਲਪੁਰ ਇਲਾਕੇ ਦੀ ਰਹਿਣ ਵਾਲੀ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮੁਲਾਕਾਤ ਮੋਹਿਤ ਨਾਲ ਲਾਕਡਾਊਨ ਤੋਂ ਪਹਿਲਾਂ ਹੋਈ ਸੀ। ਮੁਲਜ਼ਮ ਨੇ ਆਪਣੀ ਪਤਨੀ ਨਾਲ ਝਗੜਾ ਹੋਣ ਦਾ ਹਵਾਲਾ ਦੇ ਕੇ ਲੜਕੀ ਨੂੰ ਆਪਣੇ ਝਾਂਸੇ ਵਿੱਚ ਲਿਆ ਅਤੇ ਦੋਸਤੀ ਕਰ ਲਈ। ਕੁਝ ਸਮੇਂ ਬਾਅਦ ਜਦੋਂ ਲੜਕੀ ਨੂੰ ਪਤਾ ਲੱਗਾ ਕਿ ਮੋਹਿਤ ਆਪਣੀ ਪਤਨੀ ਨੂੰ ਧੋਖਾ ਦੇ ਰਿਹਾ ਹੈ, ਤਾਂ ਉਸ ਨੇ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਨਿੱਜੀ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਪ੍ਰੇਸ਼ਾਨ ਕਰਨ ਲੱਗਾ।
ਸਿਵਿਲ ਲਾਈਨ ਇਲਾਕੇ ਵਿੱਚ ਗੁੰਡਾਗਰਦੀ
ਬੀਤੇ ਦਿਨ ਜਦੋਂ ਪੀੜਤਾ ਦੁਰਗਾ ਮਾਤਾ ਮੰਦਰ ਦੇ ਸਾਹਮਣੇ ਲੱਗੀ ਇੱਕ ਪ੍ਰਦਰਸ਼ਨੀ ਦੇਖਣ ਆਈ ਸੀ, ਤਾਂ ਮੁਲਜ਼ਮ ਨੇ ਉਸ ਨੂੰ ਬਾਹਰ ਮਿਲਣ ਲਈ ਮਜਬੂਰ ਕੀਤਾ। ਲੜਕੀ ਨੇ ਦੋਸ਼ ਲਾਇਆ ਕਿ ਜਦੋਂ ਉਹ ਆਪਣੀ ਗੱਡੀ (ਗਰੈਂਡ ਵਿਟਾਰਾ) ਵਿੱਚ ਬੈਠਣ ਲੱਗੀ ਤਾਂ ਮੋਹਿਤ ਨੇ ਜ਼ਬਰਦਸਤੀ ਗੱਡੀ ਅੰਦਰ ਵੜ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਨੇ ਲੜਕੀ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ 'ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।
ਪੁਲਿਸ ਦੀ ਕਾਰਵਾਈ
ਜਾਂਚ ਅਧਿਕਾਰੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਸ਼ਿਕਾਇਤ ਅਤੇ ਮੁਢਲੀ ਪੜਤਾਲ ਤੋਂ ਬਾਅਦ ਮੁਲਜ਼ਮ ਮੋਹਿਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।