ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ, ਸਕਾ ਪਿਤਾ ਕਰਦਾ ਸੀ ਅਸ਼ਲੀਲ ਹਰਕਤਾਂ; ਸਬੂਤਾਂ ਲਈ ਬੱਚੀ ਨੇ ਨਗਨ ਹਾਲਤ 'ਚ ਬਣਾਈ ਵੀਡੀਓ
ਧਾਰਮਿਕ ਤਿਉਹਾਰ ਸ਼ੱਬੇ-ਬਾਰਾਤ ਵਾਲੇ ਦਿਨ ਨਬਾਲਗ ਬੱਚੀ ਨੂੰ ਜਿਵੇਂ ਹੀ ਮੌਕਾ ਮਿਲਿਆ ਉਸ ਨੇ ਆਪਣੇ ਪਿਤਾ ਦੀਆਂ ਸ਼ਰਮਸ਼ਾਰ ਕਰਦੇ ਵਾਲੀਆਂ ਹਰਕਤਾਂ ਆਪਣੀ ਮਾਂ ਨੂੰ ਦੱਸੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੂਮਕਲਾਂ ਦੀ ਪੁਲਿਸ ਤੁਰੰਤ ਹਰਕਤ 'ਚ ਆਈ।
Publish Date: Tue, 03 Mar 2026 01:04 PM (IST)
Updated Date: Tue, 03 Mar 2026 01:18 PM (IST)
ਸੁਸ਼ੀਲ ਕੁਮਾਰ ਸ਼ਸ਼ੀ ਪੰਜਾਬੀ ਜਾਗਰਣ ਲੁਧਿਆਣਾ : ਰਿਸ਼ਤਿਆਂ ਦੀ ਮਰਿਆਦਾ ਨੂੰ ਛਿੱਕੇ ਟੰਗਦਿਆਂ ਹਵਸ 'ਚ ਅੰਨ੍ਹੇ ਹੋਏ ਇਕ ਵਿਅਕਤੀ ਨੇ ਆਪਣੀ ਸਕੀ ਨਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਸਹਿਮੀ ਮਾਸੂਮ ਬੱਚੀ ਪਿਤਾ ਦਾ ਜ਼ੁਲਮ ਸਹਿੰਦੀ ਰਹੀ। ਮੁਲਜ਼ਮ ਦੀ ਪਤਨੀ ਜਿਵੇਂ ਹੀ ਘਰ ਤੋਂ ਬਾਹਰ ਜਾਂਦੀ ਉਹ ਸ਼ਰਮਨਾਕ ਕਰਤੂਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦਾ। ਇਹ ਸਿਲਸਿਲਾ ਇੰਜ ਹੀ ਲਗਾਤਾਰ ਚੱਲਦਾ ਰਿਹਾ। ਹੈਵਾਨ ਬਣੇ ਆਪਣੇ ਪਿਤਾ ਦੀਆਂ ਹਰਕਤਾਂ ਦਾ ਪਰਦਾਫਾਸ਼ ਕਰਨ ਲਈ ਲੜਕੀ ਨੇ ਅਸ਼ਲੀਲ ਹਰਕਤਾਂ ਕਰਦੇ ਸਮੇਂ ਨਗਨ ਹਾਲਤ 'ਚ ਉਸਦੀ ਵੀਡੀਓ ਬਣਾ ਲਈ।
ਧਾਰਮਿਕ ਤਿਉਹਾਰ ਸ਼ੱਬੇ-ਬਾਰਾਤ ਵਾਲੇ ਦਿਨ ਨਬਾਲਗ ਬੱਚੀ ਨੂੰ ਜਿਵੇਂ ਹੀ ਮੌਕਾ ਮਿਲਿਆ ਉਸ ਨੇ ਆਪਣੇ ਪਿਤਾ ਦੀਆਂ ਸ਼ਰਮਸ਼ਾਰ ਕਰਦੇ ਵਾਲੀਆਂ ਹਰਕਤਾਂ ਆਪਣੀ ਮਾਂ ਨੂੰ ਦੱਸੀਆਂ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੂਮਕਲਾਂ ਦੀ ਪੁਲਿਸ ਤੁਰੰਤ ਹਰਕਤ 'ਚ ਆਈ। ਥਾਣਾ ਕੂਮਕਲਾਂ ਦੇ ਇੰਚਾਰਜ ਪਰਮਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸੰਵੇਦਨਸ਼ੀਲ ਮਾਮਲੇ 'ਤੇ ਤੁਰੰਤ ਕਾਰਵਾਈ ਕਰਦਿਆਂ ਬਿਹਾਰ ਦੇ ਰਹਿਣ ਵਾਲੇ ਮੁਹੰਮਦ ਸ਼ਮਸੂਦੀਨ ਖਿਲਾਫ ਪੋਕਸੋ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਹ ਮੁਕੱਦਮਾ ਮੁਲਜ਼ਮ ਦੀ ਪਤਨੀ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ।
ਥਾਣਾ ਮੁਖੀ ਪਰਮਦੀਪ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਦੀਆਂ ਦੋ ਵੱਡੀਆਂ ਬੇਟੀਆਂ ਵਿਆਹੀਆਂ ਹੋਈਆਂ ਹਨ। ਪਤਨੀ ਬੇਟੇ ਅਤੇ ਨਾਬਾਲਗ ਬੇਟੀ ਦੇ ਨਾਲ ਉਹ ਕੂਮਕਲਾਂ ਅਧੀਨ ਆਉਂਦੇ ਇਕ ਪਿੰਡ ਵਿਚ ਕਿਰਾਏ ਦੇ ਕਮਰੇ 'ਚ ਰਹਿੰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਮੁਲਜ਼ਮ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।