- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਦਿੰਦੇ ਹੋਏ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਜੇਲ੍ਹ ਮੰਤਰੀ ਭੁੱਲਰ ਤੋਂ ਮੰਗ ਕੀਤੀ ਗਈ ਹੈ ਕਿ 19 ਜਾਂ 20 ਫਰਵਰੀ ਤੋਂ ਸ਼ੁਰੂ ਹੋ ਰਹੇ ਪਵਿੱਤਰ ਰਮਜ਼ਾਨ ਸ਼ਰੀਫ਼ ਦੇ ਮਹੀਨੇ ਨੂੰ ਲੈ ਕੇ ਪੰਜਾਬ ਭਰ ਦੀਆਂ ਜੇਲ੍ਹਾਂ ’ਚ ਰੋਜ਼ਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ’ਚ ਇੱਕ ਮਹੀਨੇ ਲਈ ਵਿਸ਼ੇਸ਼ ਛੋਟ ਦਿੱਤੀ ਜਾਵੇ ਅਤੇ ਜੇਲ੍ਹਾਂ ’ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦੇ ਸਮੇਂ ਜੇਲ੍ਹ ਵਿਭਾਗ ਵੱਲੋਂ ਖਾਸ ਡਾਇਟ ਲਗਾਈ ਜਾਵੇ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਬੁੱਧਵਾਰ ਨੂੰ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਵੱਲੋਂ ਭੇਜੇ ਗਏ ਵਫ਼ਦ ਨੇ ਜਾਮਾ ਮਸਜਿਦ ਲੁਧਿਆਣਾ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਦੀ ਅਗਵਾਈ ਹੇਠ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਉਨ੍ਹਾਂ ਦੇ ਘਰ ਪੱਟੀ ਵਿਖੇ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦਿੱਤਾ।
ਜਾਣਕਾਰੀ ਦਿੰਦੇ ਹੋਏ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਜੇਲ੍ਹ ਮੰਤਰੀ ਭੁੱਲਰ ਤੋਂ ਮੰਗ ਕੀਤੀ ਗਈ ਹੈ ਕਿ 19 ਜਾਂ 20 ਫਰਵਰੀ ਤੋਂ ਸ਼ੁਰੂ ਹੋ ਰਹੇ ਪਵਿੱਤਰ ਰਮਜ਼ਾਨ ਸ਼ਰੀਫ਼ ਦੇ ਮਹੀਨੇ ਨੂੰ ਲੈ ਕੇ ਪੰਜਾਬ ਭਰ ਦੀਆਂ ਜੇਲ੍ਹਾਂ ’ਚ ਰੋਜ਼ਾ ਰੱਖਣ ਵਾਲੇ ਬੰਦੀਆਂ ਨੂੰ ਮੁਸ਼ੱਕਤ ’ਚ ਇੱਕ ਮਹੀਨੇ ਲਈ ਵਿਸ਼ੇਸ਼ ਛੋਟ ਦਿੱਤੀ ਜਾਵੇ ਅਤੇ ਜੇਲ੍ਹਾਂ ’ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦੇ ਸਮੇਂ ਜੇਲ੍ਹ ਵਿਭਾਗ ਵੱਲੋਂ ਖਾਸ ਡਾਇਟ ਲਗਾਈ ਜਾਵੇ।
ਇਸ ਮੌਕੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹ ਵਿਭਾਗ ਦੇ ਡੀਜੀਪੀ ਅਰੁਣਪਾਲ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਮਜ਼ਾਨ ਦੇ ਮਹੀਨੇ ’ਚ ਕਿਸੇ ਵੀ ਰੋਜ਼ੇਦਾਰ ਬੰਦੀ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਸ਼ਾਹੀ ਇਮਾਮ ਦੀ ਪ੍ਰਧਾਨਗੀ ਵਿੱਚ ਪਿਛਲੇ 21 ਸਾਲਾਂ ਤੋਂ ਸੂਬੇ ਭਰ ਦੀਆਂ ਜੇਲ੍ਹਾਂ ’ਚ ਰੋਜ਼ੇਦਾਰ ਬੰਦੀਆਂ ਲਈ ਵੰਡੀ ਜਾ ਰਹੀ ਸਮੱਗਰੀ ਅਤੇ ਈਦ ਦੇ ਕੱਪੜੇ ਦਿੱਤੇ ਜਾਣ ’ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਧੰਨਵਾਦ ਵੀ ਕੀਤਾ।
ਇਸ ਮੌਕੇ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਕਈ ਸਾਲਾਂ ਤੋਂ ਮੁਸਲਿਮ ਕੈਦੀਆਂ ਨੂੰ ਇਹ ਛੋਟ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ’ਚ ਰੋਜ਼ਾ ਰੱਖਣ ਵਾਲੇ ਸਾਰੇ ਬੰਦੀਆਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ। ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਇਸ ਸਾਲ ਵੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਵਿੱਚ ਉਨ੍ਹਾਂ ਦੀ ਸੰਸਥਾ ਅਹਿਰਾਰ ਫਾਊਂਡੇਸ਼ਨ ਵੱਲੋਂ ਸੂਬੇ ਭਰ ਦੀਆਂ ਸਾਰੀਆਂ ਜੇਲ੍ਹਾਂ ’ਚ ਰੋਜ਼ੇਦਾਰ ਬੰਦੀਆਂ ਨੂੰ ਰੋਜ਼ਾ ਰੱਖਣ ਅਤੇ ਖੋਲ੍ਹਣ ਸਬੰਧੀ ਸਮੱਗਰੀ ਵੰਡੀ ਜਾਵੇਗੀ, ਜਿਸ ਦੇ ਨਾਲ ਧਾਰਮਿਕ ਕਿਤਾਬਾਂ ਵੀ ਵਿਸ਼ੇਸ਼ ਤੌਰ ’ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਜੇਲ੍ਹਾਂ ’ਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰ ਕੇ ਸਮਾਜ ’ਚ ਇਕ ਚੰਗੇ ਇਨਸਾਨ ਦੀ ਤਰ੍ਹਾਂ ਜੀਵਨ ਗੁਜ਼ਾਰ ਸਕਣ।