10 ਲੱਖ ਰੁਪਏ ਵਾਲੇ ਸਿਹਤ ਬੀਮਾ ਕਾਰਡ ਦੇ ਨਾਂ ਉੱਪਰ ਲੋਕਾਂ ਨੂੰ ਗੁੰਮਰਾਹ ਨਾ ਕਰੇ ਆਮ ਆਦਮੀ ਪਾਰਟੀ: ਐਡਵੋਕੇਟ ਧਾਲੀਵਾਲ
ਉਦਾਹਰਨ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਜੇਕਰ ਕਿਸੇ ਨੂੰ ਦਿਲ ਦੀ ਬਿਮਾਰੀ ਹੈ, ਤਾਂ ਉਸ ਦੇ ਇਲਾਜ ਲਈ ਸਰਕਾਰ ਨੇ ਬਹੁਤ ਹੀ ਘੱਟ ਰਕਮ ਦਾ ਪੈਕੇਜ ਤਹਿ ਕੀਤਾ ਹੈ, ਜੋ ਕਿ ਮਹਿਜ਼ ਕੁਝ ਹਜ਼ਾਰਾਂ ਰੁਪਏ ਹੈ। ਜੇਕਰ ਹਸਪਤਾਲ ਦਾ ਖਰਚਾ ਉਸ ਪੈਕੇਜ ਤੋਂ ਵੱਧ ਜਾਂਦਾ ਹੈ, ਤਾਂ ਵਾਧੂ ਰਕਮ ਦਾ ਭੁਗਤਾਨ ਮਰੀਜ਼ ਜਾਂ ਉਸ ਦੇ ਪਰਿਵਾਰ ਨੂੰ ਖੁਦ ਕਰਨਾ ਪਵੇਗਾ। ਅਜਿਹੇ ਵਿੱਚ 10 ਲੱਖ ਦੇ ਮੁਫ਼ਤ ਇਲਾਜ ਦਾ ਦਾਅਵਾ ਖੋਖਲਾ ਸਾਬਤ ਹੁੰਦਾ ਹੈ।
Publish Date: Sun, 08 Feb 2026 09:30 AM (IST)
Updated Date: Sun, 08 Feb 2026 09:34 AM (IST)
ਲੱਕੀ ਘੁਮੈਤ, ਪੰਜਾਬੀ ਜਾਗਰਣ ,ਸਾਹਨੇਵਾਲ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸਿਹਤ ਬੀਮਾ ਕਾਰਡ ਰਾਹੀ 10 ਲੱਖ ਰੁਪਏ ਦੇ ਮੁਫ਼ਤ ਇਲਾਜ ਦੇ ਨਾਮ ਉੱਪਰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਕਤ ਵਿਚਾਰ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਯੂਥ ਕਾਂਗਰਸ ਦੇ ਕੋਆਰਡੀਨੇਟਰ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਸਾਂਝੇ ਕੀਤੇ।
ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ‘ਆਪ’ ਵੱਲੋਂ ਲੋਕਾਂ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਕਿਸੇ ਵੀ ਇੱਕ ਬਿਮਾਰੀ ਦੇ ਇਲਾਜ ਲਈ 10 ਲੱਖ ਰੁਪਏ ਤੱਕ ਦੀ ਰਾਸ਼ੀ ਮਿਲੇਗੀ, ਪਰ ਅਸਲੀਅਤ ਬਿਲਕੁਲ ਉਲਟ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੀ ਡੂੰਘਾਈ ਨਾਲ ਜਾਂਚ ਕਰਨ 'ਤੇ ਪਤਾ ਲੱਗਿਆ ਹੈ ਕਿ ਇਸ ਤਹਿਤ ਵੱਖ-ਵੱਖ ਬਿਮਾਰੀਆਂ ਲਈ ਕੁੱਲ 2386 ਪੈਕੇਜ ਬਣਾਏ ਗਏ ਹਨ। ਇਨ੍ਹਾਂ ਸਾਰੇ ਪੈਕੇਜਾਂ ਦੀ ਕੁੱਲ ਰਕਮ ਨੂੰ ਮਿਲਾ ਕੇ 10 ਲੱਖ ਰੁਪਏ ਬਣਦੀ ਹੈ, ਨਾ ਕਿ ਕਿਸੇ ਇੱਕ ਗੰਭੀਰ ਬਿਮਾਰੀ ਲਈ।
ਉਦਾਹਰਨ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਜੇਕਰ ਕਿਸੇ ਨੂੰ ਦਿਲ ਦੀ ਬਿਮਾਰੀ ਹੈ, ਤਾਂ ਉਸ ਦੇ ਇਲਾਜ ਲਈ ਸਰਕਾਰ ਨੇ ਬਹੁਤ ਹੀ ਘੱਟ ਰਕਮ ਦਾ ਪੈਕੇਜ ਤਹਿ ਕੀਤਾ ਹੈ, ਜੋ ਕਿ ਮਹਿਜ਼ ਕੁਝ ਹਜ਼ਾਰਾਂ ਰੁਪਏ ਹੈ। ਜੇਕਰ ਹਸਪਤਾਲ ਦਾ ਖਰਚਾ ਉਸ ਪੈਕੇਜ ਤੋਂ ਵੱਧ ਜਾਂਦਾ ਹੈ, ਤਾਂ ਵਾਧੂ ਰਕਮ ਦਾ ਭੁਗਤਾਨ ਮਰੀਜ਼ ਜਾਂ ਉਸ ਦੇ ਪਰਿਵਾਰ ਨੂੰ ਖੁਦ ਕਰਨਾ ਪਵੇਗਾ। ਅਜਿਹੇ ਵਿੱਚ 10 ਲੱਖ ਦੇ ਮੁਫ਼ਤ ਇਲਾਜ ਦਾ ਦਾਅਵਾ ਖੋਖਲਾ ਸਾਬਤ ਹੁੰਦਾ ਹੈ।
ਧਾਲੀਵਾਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ 2022 ਵਿੱਚ ਵੀ ਝੂਠੇ ਅਤੇ ਗੁੰਮਰਾਹਕੁੰਨ ਪ੍ਰਚਾਰ ਦੇ ਸਿਰ 'ਤੇ ਸਰਕਾਰ ਬਣਾਈ ਸੀ। ਪਰ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਇਨ੍ਹਾਂ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾ ਕੇ ਪੰਜਾਬ ਦੀ ਸੇਵਾ ਕਰੇਗੀ।