ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਨੂੰ ਸੂਚਨਾ ਮਿਲੀ ਕਿ ਪਿੰਡ ਝੋਰੜਾਂ ਵਿਚ ਇੱਕ ਨੌਜਵਾਨ ਵੱਲੋਂ ਨਾਜਾਇਜ਼ ਨਸ਼ਾ ਛੁਡਾਓ ਕੇਂਦਰ ਚਲਾਇਆ ਜਾ ਰਿਹਾ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਪਿੰਡ ਝੋਰੜਾਂ ਦੇ ਇੱਕ ਕਮਰੇ ਵਿਚ ਚੱਲ ਰਹੇ ਨਾਜਾਇਜ ਨਸ਼ਾ ਛੁਡਾਓ ਕੇਂਦਰ ’ਚ ਛਾਪਾਮਾਰੀ ਦੌਰਾਨ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਨੇ 22 ਵਿਅਕਤੀਆਂ ਨੂੰ ਛੁਡਾਇਆ। ਹਠੂਰ ਪੁਲਿਸ ਨੇ ਛਾਪਾਮਾਰੀ ਦੌਰਾਨ ਨਸ਼ਾ ਛੁਡਾਓ ਕੇਂਦਰ ਦਾ ਸੰਚਾਲਕ ਮੌਕੇ ’ਤੇ ਹੀ ਕਾਬੂ ਕਰ ਲਿਆ। ਕੇਂਦਰ ਦੇ ਬਾਹਰ ਖੜ੍ਹੀਆਂ ਗੱਡੀਆਂ ਵਿਚੋਂ ਬਰਾਮਦ ਹੋਈ ਦਵਾਈ ਵੀ ਕਬਜੇ ਵਿਚ ਲੈਂਦਿਆਂ ਟੈਸਟਿੰਗ ਲਈ ਭੇਜੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਨੂੰ ਸੂਚਨਾ ਮਿਲੀ ਕਿ ਪਿੰਡ ਝੋਰੜਾਂ ਵਿਚ ਇੱਕ ਨੌਜਵਾਨ ਵੱਲੋਂ ਨਾਜਾਇਜ਼ ਨਸ਼ਾ ਛੁਡਾਓ ਕੇਂਦਰ ਚਲਾਇਆ ਜਾ ਰਿਹਾ ਹੈ। ਜਿਸ ਵਿਚ ਬਿਨ੍ਹਾਂ ਕਿਸੇ ਡਾਕਟਰੀ ਮੁਹਾਰਤ ਦੇ ਉਕਤ ਸੰਚਾਲਕ ਦੋ ਦਰਜਨ ਪਰਿਵਾਰਾਂ ਦੇ ਬੱਚਿਆਂ ਨੂੰ ਨਸ਼ਾ ਮੁਕਤ ਕਰਨ ਦਾ ਸੁਪਨਾ ਦਿਖਾ ਕੇ ਮੋਟੀਆਂ ਰਕਮਾਂ ਹੜੱਪ ਕਰ ਰਿਹਾ ਹੈ। ਇਸ ਤੇ ਰਾਏਕੋਟ ਦੇ ਡੀਐੱਸਪੀ ਹਰਜਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਨਾਜਾਇਜ਼ ਨਸ਼ਾ ਛੁਡਾਓ ਕੇਂਦਰ ’ਤੇ ਕਾਰਵਾਈ ਲਈ ਟੀਮ ਭੇਜਣ ਲਈ ਲਿਖਿਆ। ਜਿਸ ’ਤੇ ਐਤਵਾਰ ਨੂੰ ਡੀਐੱਸਪੀ ਹਰਜਿੰਦਰ ਸਿੰਘ, ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ, ਸਿਵਲ ਹਸਪਤਾਲ ਸੁਧਾਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਵਿੰਦਰ ਕੁਮਾਰ, ਮੈਡੀਕਲ ਅਫਸਰ ਡਾ. ਵਿਸ਼ਾਲ, ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਅਤੇ ਡਾ. ਹਰਕਮਲ ਕੌਰ ਦੀ ਅਗਵਾਈ ਹੇਠ ਸਾਂਝੀ ਟੀਮ ਨੇ ਪਿੰਡ ਝੋਰੜਾਂ ਵਿਚ ਅਚਾਨਕ ਦਸਤਕ ਦਿੱਤੀ। ਇੱਕ ਤੰਗ ਕਮਰੇ ਵਿਚ ਚੱਲ ਰਹੇ ਇਸ ਨਾਜਾਇਜ਼ ਨਸ਼ਾ ਛੁਡਾਓ ਕੇਂਦਰ ਵਿਚ 22 ਵਿਅਕਤੀ ਤਾੜੇ ਹੋਏ ਸਨ। ਖੰਡਰਨੁਮਾ ਇਮਾਰਤ ਵਿਚ ਬਦਤਰ ਹਾਲਾਤਾਂ ’ਚ ਦਾਖ਼ਲ ਵਿਅਕਤੀਆਂ ਨੂੰ ਰੱਖਿਆ ਗਿਆ ਸੀ। ਇਸ ਕੇਂਦਰ ਵਿਚ ਬਾਥਰੂਮਾਂ ਦੀ ਮਾੜੀ ਹਾਲਤ, ਸੋਣ ਲਈ ਕੋਈ ਬੈੱਡ ਨਹੀਂ, ਦਾਖ਼ਲ ਵਿਅਕਤੀਆਂ ਨੂੰ ਜ਼ਮੀਨ ’ਤੇ ਹੀ ਗੱਦੇ ਸੁੱਟ ਕੇ ਪਾਇਆ ਜਾਂਦਾ ਸੀ। ਬਦਬੂ ਮਾਰਦੇ ਕਮਰੇ ਵਿਚ ਛਾਪਾਮਾਰੀ ਟੀਮ ਨੂੰ ਵੀ ਨੱਕ ’ਤੇ ਰੁਮਾਲ ਰੱਖਣਾ ਪਿਆ। ਜਿਸ ’ਤੇ ਟੀਮ ਨੇ ਕਾਰਵਾਈ ਕਰਦਿਆਂ ਸਾਰੇ 22 ਵਿਅਕਤੀਆਂ ਨੂੰ ਰੈਸਕਿਊ ਕੀਤਾ ਅਤੇ ਇਲਾਜ ਲਈ ਜਗਰਾਓਂ ਸਿਵਲ ਹਸਪਤਾਲ ਦੇ ਨਸ਼ਾ ਛੁਡਾਓ ਕੇਂਦਰ ਭੇਜਿਆ ਗਿਆ। ਟੀਮ ਵੱਲੋਂ ਨਸ਼ਾ ਛੁਡਾਓ ਕੇਂਦਰ ’ਚ ਛੇੜੇ ਗਏ ਸਰਚ ਆਪ੍ਰੇਸ਼ਨ ਦੌਰਾਨ ਬਾਹਰ ਖੜ੍ਹੀ ਇੱਕ ਗੱਡੀ ਵਿਚੋਂ ਮਿਲੀਆਂ ਦਵਾਈਆਂ ਨੂੰ ਵੀ ਜਾਂਚ ਲਈ ਭੇਜਿਆ ਗਿਆ।
ਸਿਹਤ ਵਿਭਾਗ ਦੀ ਟੀਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ ਕਾਰਵਾਈ
ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਕੁਲਦੀਪ ਕੁਮਾਰ ਸਮੇਤ ਪੁਲਿਸ ਪਾਰਟੀ ਅਤੇ ਚਾਰ ਮੈਂਬਰੀ ਡਾਕਟਰਾਂ ਦੀ ਟੀਮ ਨੇ ਛਾਪਾਮਾਰੀ ਦੌਰਾਨ 22 ਵਿਅਕਤੀਆਂ ਨੂੰ ਇਸ ਨਾਜਾਇਜ਼ ਚੱਲਦੇ ਨਸ਼ਾ ਛੁਡਾਓ ਕੇਂਦਰ ਵਿਚੋਂ ਛੁਡਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤੀ ਗਈ ਕਾਰਵਾਈ ਵਿਚ ਉਨ੍ਹਾਂ ਵੱਲੋਂ ਪੁਲਿਸ ਨੂੰ ਰਿਪੋਰਟ ਸੌਂਪੀ ਜਾਵੇਗੀ, ਜਿਸ ’ਤੇ ਅਗਲੀ ਕਾਰਵਾਈ ਹੋਵੇਗੀ।
ਰੈਸਕਿਊ ਕੀਤੇ ਵਿਅਕਤੀ ਜਗਰਾਓਂ ਨਸ਼ਾ ਛੁਡਾਓ ਕੇਂਦਰ ਭੇਜੇ ਗਏ
ਸੁਧਾਰ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਦਵਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਛਾਪਾਮਾਰੀ ਦੌਰਾਨ ਦੱਸਿਆ ਕਿ ਰੈਸਕਿਊ ਕੀਤੇ 22 ਵਿਅਕਤੀਆਂ ਨੂੰ ਜਗਰਾਓਂ ਦੇ ਨਸ਼ਾ ਛੁਡਾਓ ਕੇਂਦਰ ਲਿਜਾਇਆ ਜਾ ਰਿਹਾ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੀ ਕਾਰਵਾਈ ਦੌਰਾਨ ਇੱਕ ਗੱਡੀ ਵਿਚੋਂ ਬਰਾਮਦ ਹੋਈ ਦਵਾਈਆਂ ਦੀ ਟੈਸਟਿੰਗ ਲਈ ਵੀ ਲੈਬ ਭੇਜਿਆ ਜਾਵੇਗਾ।
-ਸੰਚਾਲਕ ਬੋਲਿਆ ਖੁਦ ਕਰਦਾ ਸੀ ਨਸ਼ਾ ਹੋਰਾਂ ਦਾ ਨਸ਼ਾ ਛੁਡਾਉਣ ਦਾ ਲਿਆ ਅਹਿਦ
ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਦੀ ਛਾਪਾਮਾਰੀ ਦੌਰਾਨ ਨਾਜਾਇਜ਼ ਚੱਲਦੇ ਨਸ਼ਾ ਛੁਡਾਓ ਕੇਂਦਰ ਦੇ ਸੰਚਾਲਕ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਖੁਦ ਨਸ਼ਾ ਕਰਦਾ ਸੀ। 3 ਸਾਲ ਪਹਿਲਾਂ ਨਸ਼ਾ ਛੱਡਣ ਦੇ ਨਾਲ ਹੋਰਾਂ ਨਸ਼ਾ ਛੁਡਾਉਣ ਦੇ ਲਏ ਅਹਿਦ ਤਹਿਤ ਇਹ ਨਸ਼ਾ ਛੁਡਾਓ ਕੇਂਦਰ ਖੋਲਿ੍ਹਆ ਸੀ। ਇਸ ਨੂੰ ਖੋਲਿ੍ਹਆਂ ਅਜੇ ਪੰਦਰਾਂ ਕੁ ਦਿਨ ਹੀ ਹੋਏ ਹਨ। ਕਾਨੂੰਨੀ ਤੌਰ ’ਤੇ ਮਾਨਤਾ ਅਤੇ ਲਾਇਸੈਂਸ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰਨੀ ਸੀ ਕਿ ਉਸ ਤੋਂ ਪਹਿਲਾਂ ਅੱਜ ਇਹ ਕਾਰਵਾਈ ਹੋ ਗਈ