ਯੁਵਾ ਵਿਕਾਸ ਮੋਰਚਾ ਵੱਲੋਂ ਐਡਵੋਕੇਟ ਕੁਲਦੀਪ ਭੱਟੀ ਨੂੰ ਪੂਰਨ ਸਮਰਥਨ ਦਾ ਐਲਾਨ

ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਸ਼ਹਿਰ ਦੇ ਪ੍ਰਸਿਧ ਐਡਵੋਕੇਟ ਕੁਲਦੀਪ ਭੱਟੀ ਨੂੰ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਲਈ ਬਸਪਾ ਵੱਲੋਂ ਟਿਕਟ ਦੇਣ ਦੀ ਮੰਗ ਦਿਨੋਂ-ਦਿਨ ਜ਼ੋਰ ਫੜ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਵਰਗਾਂ ਵੱਲੋਂ ਉਨ੍ਹਾਂ ਨੂੰ ਇਕ ਸੂਝਵਾਨ, ਇਮਾਨਦਾਰ ਅਤੇ ਲੋਕਾਂ ਨਾਲ ਜੁੜੇ ਆਗੂ ਵਜੋਂ ਵੇਖਿਆ ਜਾ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਕੁਲਦੀਪ ਭੱਟੀ ਨੇ ਹਮੇਸ਼ਾ ਕਾਨੂੰਨੀ ਖੇਤਰ ਵਿੱਚ ਇਨਸਾਫ਼ ਅਤੇ ਸੱਚਾਈ ਨੂੰ ਪਹਿਲ ਦਿੱਤੀ ਹੈ ਅਤੇ ਸਮਾਜਿਕ ਮੁੱਦਿਆਂ ’ਤੇ ਵੀ ਆਪਣੀ ਮਜ਼ਬੂਤ ਪਕੜ ਬਣਾਈ ਹੈ। ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਅਤੇ ਲੋਕਾਂ ਨਾਲ ਨਜ਼ਦੀਕੀ ਉਨ੍ਹਾਂ ਨੂੰ ਫਗਵਾੜਾ ਹਲਕੇ ਲਈ ਇਕ ਉਮੀਦਵਾਰ ਵਜੋਂ ਹੋਰ ਮਜ਼ਬੂਤ ਬਣਾਉਂਦੀ ਹੈ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਜੇ ਬਸਪਾ ਵੱਲੋਂ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਂਦਾ ਹੈ ਤਾਂ ਉਹ ਨਾ ਸਿਰਫ਼ ਪਾਰਟੀ ਨੂੰ ਨਵੀਂ ਤਾਕਤ ਦੇ ਸਕਦੇ ਹਨ, ਸਗੋਂ ਫਗਵਾੜਾ ਸੀਟ ’ਤੇ ਇੱਕ ਵਧੀਆ ਦਬਦਬਾ ਵੀ ਕਾਇਮ ਕਰ ਸਕਦੇ ਹਨ। ਇਸ ਦੇ ਨਾਲ ਹੀ ਯੁਵਕ ਵਰਗ ਅਤੇ ਸਮਾਜਿਕ ਸੰਗਠਨਾਂ ਵੱਲੋਂ ਵੀ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਨੂੰ ਇੱਕ ਅਜਿਹੇ ਆਗੂ ਦੀ ਲੋੜ ਹੈ ਜੋ ਵਿਕਾਸ ਦੇ ਨਾਲ-ਨਾਲ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਵੀ ਸਮਝੇ ਅਤੇ ਹੱਲ ਕਰੇ। ਹੁਣ ਦੇਖਣਾ ਇਹ ਹੋਵੇਗਾ ਕਿ ਬਸਪਾ ਆਗੂਆਂ ਵੱਲੋਂ ਫਗਵਾੜਾ ਹਲਕੇ ਲਈ ਕਿਸ ਉਮੀਦਵਾਰ ’ਤੇ ਦਾਅ ਲਾਇਆ ਜਾਂਦਾ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਕੁਲਦੀਪ ਭੱਟੀ ਦਾ ਨਾਮ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ।
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਹੈ। ਇਸ ਸੰਦਰਭ ਵਿੱਚ ਯੁਵਾ ਵਿਕਾਸ ਮੋਰਚਾ ਵੱਲੋਂ ਇੱਕ ਮਹੱਤਵਪੂਰਨ ਐਲਾਨ ਕਰਦੇ ਹੋਏ ਐਡਵੋਕੇਟ ਕੁਲਦੀਪ ਭੱਟੀ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਯੁਵਾ ਮੋਰਚਾ ਦੇ ਪ੍ਰਧਾਨ ਅਨੁ ਸਹੋਤਾ ਨੇ ਕਿਹਾ ਕਿ ਕੁਲਦੀਪ ਭੱਟੀ ਨੇ ਹਮੇਸ਼ਾ ਹਰ ਇਕ ਦੇ ਹੱਕਾਂ ਅਤੇ ਸਮਾਜਿਕ ਮਸਲਿਆਂ ਲਈ ਆਵਾਜ਼ ਉਠਾਈ ਹੈ, ਜਿਸ ਕਰ ਕੇ ਉਨ੍ਹਾਂ ਨੂੰ ਇਸ ਵਾਰੀ ਚੋਣਾਂ ਵਿੱਚ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ। ਪ੍ਰਧਾਨ ਅਨੂ ਸਹੋਤਾ ਨੇ ਦੱਸਿਆ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਭੱਟੀ ਦੇ ਹੱਕ ਵਿੱਚ ਜਾਗਰੂਕ ਕਰਨਗੇ। ਜੇਕਰ ਬਹੁਜਨ ਸਮਾਜ ਪਾਰਟੀ ਹਾਈਕਮਾਂਡ ਐਡਵੋਕੇਟ ਕੁਲਦੀਪ ਭੱਟੀ ਨੂੰ ਫਗਵਾੜਾ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਯੁਵਾ ਵਿਕਾਸ ਮੋਰਚਾ ਪੂਰਨ ਸਮਰਥਨ ਕਰੇਗਾ। ਯੁਵਾ ਮੋਰਚਾ ਦਾ ਧੰਨਵਾਦ ਕਰਦਿਆਂ ਭੱਟੀ ਨੇ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਇਲਾਕੇ ਦੇ ਵਿਕਾਸ ਲਈ ਨਵੇਂ ਪ੍ਰਾਜੈਕਟ ਲਿਆਂਦੇ ਜਾਣਗੇ। ਇਸ ਐਲਾਨ ਨਾਲ ਇਲਾਕੇ ਦੀ ਰਾਜਨੀਤੀ ਵਿੱਚ ਨਵਾਂ ਮੋੜ ਆ ਸਕਦਾ ਹੈ ਅਤੇ ਚੋਣੀ ਮੁਕਾਬਲਾ ਹੋਰ ਵੀ ਦਿਲਚਸਪ ਬਣ ਸਕਦਾ ਹੈ।