ਨਸ਼ੇ ਦੀ ਚਪੇਟ ’ਚ ਆ ਚੁੱਕੇ ਨੌਜਵਾਨਾਂ ਨੂੰ ਸੰਵੇਦਨਾ ਦੀ ਲੋੜ : ਓਮ ਪ੍ਰਕਾਸ਼
ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਸੰਵੇਦਨਾ ਦੀ ਲੋੜ,ਓਮ ਪ੍ਰਕਾਸ
Publish Date: Tue, 24 Feb 2026 07:07 PM (IST)
Updated Date: Tue, 24 Feb 2026 07:10 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਅੱਜ ਦਾ ਸਮਾਜ ਇਕ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ, ਉਹ ਹੈ ਨਸ਼ਾ। ਖ਼ਾਸ ਕਰਕੇ ਨੌਜਵਾਨ ਵਰਗ ਇਸਦੀ ਚਪੇਟ ਵਿਚ ਆ ਰਿਹਾ ਹੈ। ਨਸ਼ਾ ਸਿਰਫ਼ ਇਕ ਵਿਅਕਤੀ ਨੂੰ ਨਹੀਂ, ਸਗੋਂ ਉਸਦੇ ਪਰਿਵਾਰ, ਸਮਾਜ ਤੇ ਦੇਸ਼ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰਦਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਸ਼ੇ ਵਿਚ ਫਸੇ ਨੌਜਵਾਨਾਂ ਨੂੰ ਸਿਰਫ਼ ਆਲੋਚਨਾ ਨਹੀਂ, ਸੰਵੇਦਨਾ ਤੇ ਸਹਾਇਤਾ ਦੀ ਲੋੜ ਹੁੰਦੀ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਪਿੰਡ ਵਜੀਦੋਵਾਲ ਦੇ ਸਾਬਕਾ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਜਦੋਂ ਕੋਈ ਨੌਜਵਾਨ ਨਸ਼ੇ ਦਾ ਆਦੀ ਹੋ ਜਾਂਦਾ ਹੈ, ਤਾਂ ਲੋਕ ਉਸਨੂੰ ਤਿਰਸਕਾਰ ਦੀ ਨਜ਼ਰ ਨਾਲ ਦੇਖਦੇ ਹਨ ਪਰ ਕੋਈ ਵੀ ਵਿਅਕਤੀ ਜਨਮ ਤੋਂ ਨਸ਼ੇੜੀ ਨਹੀਂ ਹੁੰਦਾ। ਕਈ ਵਾਰ ਘਰੇਲੂ ਤਣਾਅ, ਬੇਰੁਜ਼ਗਾਰੀ, ਗਲਤ ਸੰਗਤ ਜਾਂ ਜੀਵਨ ਵਿਚ ਅਸਫਲਤਾਵਾਂ ਉਸਨੂੰ ਇਸ ਰਾਹ ਵੱਲ ਧੱਕ ਦਿੰਦੀਆਂ ਹਨ। ਐਸੇ ਹਲਾਤਾਂ ਵਿਚ ਉਸਨੂੰ ਡਾਂਟ-ਫਟਕਾਰ ਦੇਣ ਦੀ ਬਜਾਏ ਉਸਦੀ ਗੱਲ ਸੁਣਨ ਤੇ ਉਸਨੂੰ ਸਮਝਣ ਦੀ ਲੋੜ ਹੈ। ਜੇ ਪਰਿਵਾਰਕ ਮੈਂਬਰ ਤੇ ਸਮਾਜ ਨੌਜਵਾਨਾਂ ਨੂੰ ਪਿਆਰ, ਸਹਿਯੋਗ ਅਤੇ ਸਹੀ ਦਿਸ਼ਾ ਦਿੰਦੇ ਹਨ, ਤਾਂ ਉਹ ਨਸ਼ੇ ਦੀ ਲਤ ਤੋਂ ਬਾਹਰ ਆ ਸਕਦੇ ਹਨ। ਸਕੂਲਾਂ ਤੇ ਕਾਲਜਾਂ ਵਿਚ ਵੀ ਨਸ਼ਾ ਮੁਕਤੀ ਬਾਰੇ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਤੇ ਮਨੋਵਿਗਿਆਨਿਕ ਸਲਾਹ-ਮਸ਼ਵਰਾ ਉਪਲਬਧ ਕਰਵਾਉਣਾ ਚਾਹੀਦਾ ਹੈ। ਸਰਕਾਰ ਅਤੇ ਸਮਾਜਕ ਸੰਸਥਾਵਾਂ ਨੂੰ ਵੀ ਚਾਹੀਦਾ ਹੈ ਕਿ ਉਹ ਨਸ਼ਾ ਮੁਕਤੀ ਕੇਂਦਰਾਂ ਦੀ ਗਿਣਤੀ ਵਧਾਉਣ ਤੇ ਇਲਾਜ ਦੀ ਸੁਵਿਧਾ ਆਸਾਨ ਬਣਾਉਣ। ਨਾਲ ਹੀ, ਨੌਜਵਾਨਾਂ ਲਈ ਰੋਜ਼ਗਾਰ ਤੇ ਰਚਨਾਤਮਕ ਗਤੀਵਿਧੀਆਂ ਦੇ ਮੌਕੇ ਪੈਦਾ ਕੀਤੇ ਜਾਣ, ਤਾਂ ਜੋ ਉਹ ਆਪਣੀ ਉਰਜਾ ਨੂੰ ਸਹੀ ਦਿਸ਼ਾ ਵਿਚ ਲਗਾ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਸ਼ੇ ਵਿਚ ਫਸੇ ਨੌਜਵਾਨ ਅਪਰਾਧੀ ਨਹੀਂ, ਸਗੋਂ ਸਹਾਇਤਾ ਦੇ ਹੱਕਦਾਰ ਹਨ। ਜੇ ਅਸੀਂ ਉਨ੍ਹਾਂ ਨੂੰ ਸੰਵੇਦਨਾ, ਪਿਆਰ ਤੇ ਸਹਿਯੋਗ ਦੇਵਾਂਗੇ, ਤਾਂ ਉਹ ਮੁੜ ਸਧਾਰਨ ਜੀਵਨ ਜੀ ਸਕਦੇ ਹਨ ਤੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਦੇ ਹਨ।