ਬੇਗੋਵਾਲ ’ਚ ਦਿਨ-ਦਿਹਾੜੇ ਨੌਜਵਾਨ ਦਾ ਕਤਲ
ਬੇਗੋਵਾਲ ’ਚ ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Publish Date: Mon, 11 May 2026 10:25 PM (IST)
Updated Date: Mon, 11 May 2026 10:27 PM (IST)
ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਬੇਗੋਵਾਲ : ਅੱਜ ਬੇਗੋਵਾਲ ਬਾਜ਼ਾਰ ’ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਨਜ਼ਰ ਆਇਆ ਜਦੋਂ ਮੀਖੋਵਾਲ ਪਾਰਕ ਦੇ ਬਾਹਰ ਮੇਨ ਬਾਜ਼ਾਰ ’ਚ ਦੋ ਨੌਜਵਾਨਾਂ ’ਚ ਆਪਸੀ ਤਕਰਾਰ ਵਧਣ ਕਰਕੇ ਮਾਮੂਲੀ ਝੜਪ ਖੂਨੀ ਰੂਪ ਧਾਰਨ ਕਰ ਗਈ ਤੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਦੂਸਰੇ ਨੌਜਵਾਨ ’ਤੇ ਵਾਰ ਕਰ ਦਿੱਤਾ, ਜੋ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲਈ ਬੇਗੋਵਾਲ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਪਰ ਉਸ ਦੀ ਰਸਤੇ ’ਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਲਾਪੀਰ ਬੇਗੋਵਾਲ ਵਜੋਂ ਹੋਈ ਹੈ। ਇਸ ਮੌਕੇ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਹਮਲਾਵਰ ਅਜੇ ਫਰਾਰ ਹੈ।