ਕਰਾਟੇ ਸਿੱਖਣ ਪੁੱਜੀ ਚਾਰ ਸਾਲਾ ਪੂਰਵੀ
ਮਾਸਟਰ ਪੀਟਰੋ ਜ਼ੋਪਾ ਤੋਂ ਸਿਖਲਾਈ ਲਈ : ਵਾਲੀਆ
Publish Date: Mon, 18 May 2026 07:43 PM (IST)
Updated Date: Mon, 18 May 2026 07:45 PM (IST)
ਇਟਲੀ ਦੇ ਗ੍ਰੇਡ ਮਾਸਟਰ ਪੀਟਰੋ ਜ਼ੋਪਾ ਤੋਂ ਲਈ ਸਿਖਲਾਈ : ਵਾਲੀਆ
ਗੁਰਵਿੰਦਰ ਕੌਰ ਪੰਜਾਬੀ ਜਾਗਰਣ
ਕਪੂਰਥਲਾ : ਫਾਈਟਰ ਸਪੋਰਟਸ ਜ਼ੋਨ ਕਾਦੂਪੁਰ ਕਰਤਾਰਪੁਰ ਰੋਡ ਕਪੂਰਥਲਾ ਦੇ ਕਰਾਟੇ ਖਿਡਾਰੀਆਂ ਨੇ ਕੋਚ ਸੁਖਦੀਪ ਸਿੰਘ ਬਾਜਵਾ ਦੀ ਅਗਵਾਈ ਹੇਠ ਦੇਹਰਾਦੂਨ (ਉੱਤਰਾਖੰਡ) ਵਿਚ ਇਕ ਕਰਾਟੇ ਸਿਖਲਾਈ ਸੈਮੀਨਾਰ ਵਿਚ ਹਿੱਸਾ ਲਿਆ। ਇਸ ਕਰਾਟੇ ਸਿਖਲਾਈ ਸੈਮੀਨਾਰ ਵਿਚ ਖਿਡਾਰੀਆਂ ਪੂਰਵੀ ਭਾਟੀਆ, ਰਾਬੀਆ, ਅਲੀ ਅਹਿਮਦ, ਰੇਹਾਨ ਵਾਲੀਆ, ਸਿਮਰਜੀਤ ਸਿੰਘ, ਸੁਖਜੀਤ ਸਿੰਘ, ਗੁਰਿੰਦਰ ਭੋਗਲ ਨੇ ਇਟਲੀ ਦੇ ਗ੍ਰੇਡ ਮਾਸਟਰ ਹਾਂਸ਼ੀ ਪੀਟਰੋ ਜ਼ੋਪਾ ਤੋਂ ਨਵੀਆਂ ਤਕਨੀਕਾਂ ਦੀ ਸਿਖਲਾਈ ਲਈ ਤੇ ਵਧੀਆ ਪ੍ਰਦਰਸ਼ਨ ਕੀਤਾ। ਗ੍ਰੇਡ ਮਾਸਟਰ ਪੀਟਰੋ ਜ਼ੋਪਾ, ਮਾਸਟਰ ਅਰਵਿੰਦ ਕੁਮਾਰ ਕੋਟਾਨਾਲਾ ਤੇ ਯੂਥ ਸਪੋਰਟਸ ਵੈੱਲਫੇਅਰ ਬੋਰਡ ਦੇ ਪ੍ਰਧਾਨ ਰਾਜੀਵ ਵਾਲੀਆ ਨੇ ਸਿਖਲਾਈ ਸੈਮੀਨਾਰ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮਾਸਟਰ ਅਰਵਿੰਦ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਾਰੇ ਮਾਪਿਆਂ ਨੂੰ ਖੇਡਾਂ ਪ੍ਰਤੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਿਸੇ ਨਾ ਕਿਸੇ ਖੇਡ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਾਈਟਰ ਸਪੋਰਟਸ ਜ਼ੋਨ ਦੀ ਸਭ ਤੋਂ ਵਧੀਆ ਖਿਡਾਰਨ ਪੂਰਵੀ, ਜੋ ਕਿ ਚਾਰ ਸਾਲ ਦੀ ਹੈ, ਆਪਣੇ ਮਾਪਿਆਂ ਨਾਲ ਇਸ ਸੈਮੀਨਾਰ ਵਿਚ ਗ੍ਰੇਡ ਮਾਸਟਰ ਪੀਟਰੋ ਜ਼ੋਪਾ ਤੋਂ ਸਿਖਲਾਈ ਲੈਣ ਆਈ ਸੀ। ਉਨ੍ਹਾਂ ਕਿਹਾ ਕਿ ਇਹ ਪੂਰਵੀ ਦੇ ਮਾਪਿਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਫਾਈਟਰ ਸਪੋਰਟਸ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਖੇਡਣ ਗਏ ਹਨ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਰਾਜੀਵ ਵਾਲੀਆ ਨੇ ਵੀ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਫਾਈਟਰ ਸਪੋਰਟਸ ਦੇ ਖਿਡਾਰੀਆਂ ਨੇ ਗ੍ਰੇਡ ਮਾਸਟਰ ਤੋਂ ਸਿਖਲਾਈ ਲੈਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕੀਤਾ।