ਸਕੂਲ ’ਚ ਮਨਾਇਆ ਵਿਸ਼ਵ ਰੈੱਡ ਕ੍ਰਾਸ ਦਿਵਸ
ਜੀ.ਡੀ.ਆਰ ਡੇ ਬੋਰਡਿੰਗ ਪਬਲਿਕ ਸਕੂਲ ਵਿੱਚ ਵਿਸ਼ਵ ਰੈੱਡ ਕ੍ਰਾਸ ਦਿਵਸ ਮਨਾਇਆ ਗਿਆ
Publish Date: Fri, 08 May 2026 07:02 PM (IST)
Updated Date: Fri, 08 May 2026 07:05 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ ਫਗਵਾੜਾ ਵਿਚ ਮੈਰੀਗੋਲਡ ਹਾਊਸ ਵੱਲੋਂ ਵਿਸ਼ਵ ਰੈੱਡ ਕ੍ਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵੱਲੋਂ ਮਨੁੱਖਤਾ ਦੀ ਸੇਵਾ ਤੇ ਸਹਿਯੋਗ ਦੇ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਸਲੋਗਨ ਲਿਖਣ ਗਤੀਵਿਧੀ ਕਰਵਾਈ ਗਈ। ਇਸ ਵਿਚ ਬੱਚਿਆਂ ਨੇ ਮਨੁੱਖਤਾ ਦੀ ਸੇਵਾ, ਖੂਨਦਾਨ ਤੇ ਸਮਾਜਿਕ ਸਹਿਯੋਗ ਨਾਲ ਸਬੰਧਤ ਪ੍ਰੇਰਣਾਦਾਇਕ ਸੰਦੇਸ਼ ਪੇਸ਼ ਕੀਤੇ। ਅੱਠਵੀਂ ਕਲਾਸ ਦੇ ਵਿਦਿਆਰਥੀ ਹਿਮਾਂਸ਼ੂ ਕੁਮਾਰ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਰੈੱਡ ਕ੍ਰਾਸ ਸੰਸਥਾ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ, ਹਾਦਸਿਆਂ, ਸਿਹਤ ਸੇਵਾਵਾਂ ਤੇ ਖੂਨਦਾਨ ਵਰਗੇ ਕਾਰਜਾਂ ਵਿਚ ਰੈੱਡ ਕ੍ਰਾਸ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਬੱਚਿਆਂ ਨੂੰ ਰੈੱਡ ਕ੍ਰਾਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਇਹ ਦਿਵਸ ਸਾਨੂੰ ਮਨੁੱਖਤਾ ਦੀ ਸੇਵਾ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਪ੍ਰੇਰਿਤ ਕਰਦਾ ਹੈ। ਸਕੂਲ ਦੇ ਪ੍ਰਿੰਸੀਪਲ ਮੈਡਮ ਸ਼ਿਵਾਨੀ ਨੇ ਬੱਚਿਆਂ ਨੂੰ ਸਮਾਜ ਦੇ ਲੋੜਵੰਦ ਤੇ ਪੀੜਤ ਲੋਕਾਂ ਦੀ ਸਹਾਇਤਾ ਕਰਨ ਦਾ ਸੰਦੇਸ਼ ਦਿੱਤਾ।