ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿੱਚ ਮੈਰੀਗੋਲਡ ਹਾਊਸ ਦੀ ਇੰਚਾਰਜ ਬਲਜੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜੋ ਕਿ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸੀ। ਸਭਾ ਦੀ ਸ਼ੁਰੂਆਤ ਜਮਾਤ ਅੱਠਵੀਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਵੱਲੋਂ ਸੁੰਦਰ ਵਿਚਾਰ ਨਾਲ ਕੀਤੀ ਗਈ। ਬਲਜੀਤ ਕੌਰ ਨੇ ਇਸ ਵਿਚਾਰ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਮਾਤ ਗਿਆਰ੍ਹਵੀਂ ਦੀ ਵਿਦਿਆਰਥਣ ਪ੍ਰਭਪੁਨੀਤ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣਾ ਹੈ ਅਤੇ ਇਹ ਸਮਝਾਉਣਾ ਹੈ ਕਿ ਸਿਹਤਮੰਦ ਰਹਿਣਾ ਸਾਡੇ ਜੀਵਨ ਲਈ ਕਿੰਨਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਹ ਦਿਵਸ 1948 ਵਿੱਚ ਜਨੀਵਾ ਵਿੱਚ ਮਨਾਇਆ ਗਿਆ ਸੀ ਅਤੇ ਬਾਅਦ ਵਿੱਚ ਹਰ ਸਾਲ 7 ਅਪ੍ਰੈਲ ਨੂੰ ਇਸ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਸਾਲ ਦਾ ਥੀਮ ‘ਚੰਗੀ ਸਿਹਤ, ਉੱਜਵਲ ਭਵਿੱਖ’ ਹੈ। ਇਸ ਦਾ ਅਰਥ ਹੈ ਕਿ ਸਿਹਤਮੰਦ ਸਰੀਰ ਵਿੱਚ ਹੀ ਸਿਹਤਮੰਦ ਮਨ ਦਾ ਵਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਸਰੀਰਕ ਅਤੇ ਮਾਨਸਿਕ ਸਿਹਤ ਦਾ ਰੋਜ਼ਾਨਾ ਧਿਆਨ ਰੱਖਣਾ ਹੀ ਉੱਜਵਲ ਭਵਿੱਖ ਦੀ ਕੁੰਜੀ ਹੈ, ਕਿਉਂਕਿ ਬਿਮਾਰ ਵਿਅਕਤੀ ਆਪਣੇ ਜੀਵਨ ਵਿੱਚ ਅੱਗੇ ਨਹੀਂ ਵੱਧ ਸਕਦਾ। ਇਸ ਲਈ ਸਿਹਤਮੰਦ ਰਹਿਣਾ ਹਰ ਕਿਸੇ ਲਈ ਬਹੁਤ ਲਾਜ਼ਮੀ ਹੈ। ਇਸ ਦਿਵਸ ਨੂੰ ਵਿਸ਼ੇਸ਼ ਬਣਾਉਣ ਲਈ ਸਕੂਲ ਮੈਨੇਜਮੈਂਟ ਵੱਲੋਂ ‘ਨੇਤਰ ਜਾਂਚ ਕੈਂਪ’ ਵੀ ਲਾਇਆ ਗਿਆ, ਜਿਸ ਵਿੱਚ ਸ਼੍ਰੀ ਵਿਸ਼ਵਕਰਮਾ ਮੰਦਰ ਚੈਰੀਟੇਬਲ ਹਸਪਤਾਲ ਦੇ ਅਨੁਭਵੀ ਡਾਕਟਰਾਂ ਓਸ਼ਿਨ ਮਿੱਧਾ ਅਤੇ ਜਰਨੈਲ ਸਿੰਘ ਦੀ ਟੀਮ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਖਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਅੱਖਾਂ ਮਨੁੱਖੀ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹਨ, ਜਿਨ੍ਹਾਂ ਦੇ ਜ਼ਰੀਏ ਅਸੀਂ ਇਸ ਸੁੰਦਰ ਸੰਸਾਰ ਦਾ ਅਨੁਭਵ ਕਰਦੇ ਹਾਂ। ਡਾਕਟਰਾਂ ਵੱਲੋਂ ਵਿਦਿਆਰਥੀਆਂ ਦੀ ਜਾਂਚ ਤੋਂ ਬਾਅਦ ਲੁੜੀਂਦੀਆਂ ਦਵਾਈਆਂ ਵੰਡੀਆਂ ਗਈਆਂ ਅਤੇ ਉਨ੍ਹਾਂ ਨੂੰ ਅੱਖਾਂ ਦੀ ਦੇਖਭਾਲ ਸਬੰਧੀ ਮਹੱਤਵਪੂਰਨ ਸਲਾਹਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨੇਤਰਦਾਨ ਦੇ ਮਹੱਤਵ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਅਧਿਆਪਕਾਵਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਾਧਵੀ ਨੇ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ, ਜੋ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਉਨ੍ਹਾਂ ਨੇ ਜੰਕ ਫੂਡ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਆਧੁਨਿਕ ਤੇਜ਼ ਰਫ਼ਤਾਰ ਜੀਵਨ ਵਿੱਚ ਲੋਕ ਆਪਣੇ ਨੈਤਿਕ ਮੁੱਲਾਂ ਨੂੰ ਭੁੱਲਦੇ ਜਾ ਰਹੇ ਹਨ, ਇਸ ਲਈ ਸਿਹਤ ਦੇ ਨਾਲ-ਨਾਲ ਚੰਗੀਆਂ ਆਦਤਾਂ ਅਤੇ ਮੁੱਲਾਂ ਨੂੰ ਵੀ ਅਪਣਾਉਣਾ ਜ਼ਰੂਰੀ ਹੈ।