ਡੀਏਵੀ ਸਕੂਲ ’ਚ ਵਰਕਸ਼ਾਪ ਦਾ ਆਯੋਜਨ
‘ਅੱਪਸਾਈਕਲੰਿਗ ਦਾ ਵੇਸਟ’ ਵਿਸ਼ੇ ‘ਤੇ ਐਮ.ਐਲ.ਯੂ. ਡੀ.ਏ.ਵੀ. ਕਾਲਜੀਏਟ ਸੀ.ਸੈਕੰਡਰੀ ਸਕੂਲ ਵਿੱਚ ਵਰਕਸ਼ਾਪ ਦਾ ਆਯੋਜਨ
Publish Date: Tue, 17 Mar 2026 07:26 PM (IST)
Updated Date: Tue, 17 Mar 2026 07:28 PM (IST)

ਪੰਜਾਬੀ ਜਾਗਰਣ ਪ੍ਰਤੀਨਧ ਫਗਵਾੜਾ : ਮੋਹਨ ਲਾਲ ਉੱਪਲ ਡੀਏਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਫਗਵਾੜਾ ਵਿਖੇ ਪ੍ਰਿੰਸੀਪਲ ਡਾ. ਕਿਰਨਜੀਤ ਰੰਧਾਵਾ ਦੀ ਯੋਗ ਰਹਿਨੁਮਾਈ ਹੇਠ ਈਕੋ-ਕਲੱਬ ਵੱਲੋਂ “ਅਪਸਾਈਕਲਿੰਗ ਦਾ ਵੇਸਟ” ਵਿਸ਼ੇ ‘ਤੇ ਇਕ ਵਿਸ਼ੇਸ਼ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਭਾਰਤ ਸਰਕਾਰ ਦੇ ਪਰਿਆਵਰਣ, ਜੰਗਲ ਤੇ ਜਲਵਾਯੂ ਪਰਿਵਰਤਨ ਮੰਤਰਾਲੇ, ਨਵੀਂ ਦਿੱਲੀ ਦੀ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਆਯੋਜਿਤ ਕੀਤੀ ਗਈ। ਇਸ ਪ੍ਰੋਗਰਾਮ ਲਈ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ, ਚੰਡੀਗੜ੍ਹ ਵੱਲੋਂ ਆਰਥਿਕ ਸਹਿਯੋਗ ਪ੍ਰਦਾਨ ਕੀਤਾ ਗਿਆ, ਜਦਕਿ ਡੀਏਵੀ ਕਾਲਜ, ਜਲੰਧਰ ਨੇ ਪੰਜਾਬ ਦੇ ਡੀਏਵੀ ਸਕੂਲਾਂ ਲਈ ਨੋਡਲ ਏਜੰਸੀ ਵਜੋਂ ਭੂਮਿਕਾ ਨਿਭਾਈ। ਇਹ ਵਰਕਸ਼ਾਪ ਪਿੰਡ ਸਪਰੋੜ ਵਿਖੇ ਸਥਿਤ ਗੁਰੂ ਨਾਨਕ ਨੇਤਰਹੀਣ ਤੇ ਬਿਰਧ ਆਸ਼ਰਮ ਵਿਚ ਕਰਵਾਈ ਗਈ, ਜਿਸ ਵਿਚ ਆਸ਼ਰਮ ਦੇ ਕਰਮਚਾਰੀ ਤੇ ਬੱਚੇ, ਪਿੰਡ ਦੇ ਸਥਾਨਕ ਮੈਂਬਰ ’ਤੇ ਕਾਲਜ ਦੇ ਵਿਦਿਆਰਥੀ ਵੀ ਸ਼ਾਮਲ ਸਨ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਤੇ ਬੇਕਾਰ ਸਮੱਗਰੀ ਦੀ ਸਹੀ ਤੇ ਸਾਰਥਕ ਵਰਤੋਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਅੱਜ ਦੇ ਸਮੇਂ ਵਿਚ ਵਧ ਰਹੇ ਕੂੜੇ-ਕਰਕਟ ਕਾਰਨ ਵਾਤਾਵਰਣ ਉੱਤੇ ਗੰਭੀਰ ਪ੍ਰਭਾਵ ਪੈ ਰਹੇ ਹਨ। ਅਜਿਹੀ ਸਥਿਤੀ ਵਿਚ ਅਪਸਾਈਕਲਿੰਗ ਵਰਗੀਆਂ ਗਤੀਵਿਧੀਆਂ ਰਾਹੀਂ ਅਸੀਂ ਨਾ ਸਿਰਫ਼ ਵਾਤਾਵਰਣ ਦੀ ਰੱਖਿਆ ਕਰ ਸਕਦੇ ਹਾਂ, ਸਗੋਂ ਬੇਕਾਰ ਸਮੱਗਰੀ ਨੂੰ ਨਵੇਂ ਤੇ ਲਾਭਕਾਰੀ ਰੂਪ ਵਿਚ ਬਦਲ ਕੇ ਉਸ ਦੀ ਮਹੱਤਤਾ ਨੂੰ ਵੀ ਵਧਾ ਸਕਦੇ ਹਾਂ। ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਘਰੇਲੂ ਤੇ ਆਸ-ਪਾਸ ਮਿਲਣ ਵਾਲੀ ਫ਼ਜ਼ੂਲ ਸਮੱਗਰੀ ਜਿਵੇਂ ਕਿ ਪਲਾਸਟਿਕ ਦੀਆਂ ਬੋਤਲਾਂ, ਕਾਗਜ਼, ਪੁਰਾਣੇ ਕੱਪੜੇ, ਕੱਚ, ਟਿਨ ਤੇ ਹੋਰ ਬੇਕਾਰ ਵਸਤੂਆਂ ਦੀ ਵਰਤੋਂ ਕਰਕੇ ਵੱਖ-ਵੱਖ ਲਾਭਕਾਰੀ ਤੇ ਸਜਾਵਟੀ ਵਸਤੂਆਂ ਤਿਆਰ ਕੀਤੀਆਂ।