ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ’ਚ ਵਰਕਸ਼ਾਪ ਕਰਵਾਈ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ “ਰੇਜ਼ਿੰਗ ਕੈਪੀਟਲ ਐਂਡ ਮੈਨੇਜਿੰਗ ਫਾਇਨੈਂਸ” ਵਿਸ਼ੇ ’ਤੇ ਵਰਕਸ਼ਾਪ ਆਯੋਜਿਤ
Publish Date: Fri, 27 Feb 2026 08:26 PM (IST)
Updated Date: Fri, 27 Feb 2026 08:28 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਦੀਆਂ ਗਤੀਵਿਧੀਆਂ ਤਹਿਤ “ਰੇਜ਼ਿੰਗ ਕੈਪੀਟਲ ਐਂਡ ਮੈਨੇਜਿੰਗ ਫਾਇਨਾਂਸ” ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦੌਰਾਨ ਕਾਲਜ ਦੇ ਕਾਮਰਸ ਵਿਭਾਗ ਤੋਂ ਮੈਡਮ ਅਨਾਮਿਕਾ ਨੇ ਲੈਕਚਰ ਦੇ ਵਿਸ਼ੇ ਨਾਲ ਜਾਣ-ਪਛਾਣ ਕਰਵਾਈ ਤੇ ਦੀਪਕ ਤਲਵਾਰ ਨੇ ਵਿਦਿਆਰਥੀਆਂ ਨੂੰ ਸਟਾਰਟਅਪ ਜਾਂ ਨਵੇਂ ਵਪਾਰ ਲਈ ਪੂੰਜੀ ਇਕੱਠੀ ਕਰਨ ਦੇ ਵੱਖ-ਵੱਖ ਸਰੋਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੇਜ਼ਿੰਗ ਕੈਪੀਟਲ ਲਈ ਬੈਂਕ ਲੋਨ, ਐਂਜਲ ਇਨਵੈਸਟਰ, ਵੈਂਚਰ ਕੈਪੀਟਲ, ਸਰਕਾਰੀ ਯੋਜਨਾਵਾਂ ਤੇ ਕ੍ਰਾਊਡ ਫੰਡਿੰਗ ਵਰਗੇ ਮਾਧਿਅਮ ਮਹੱਤਵਪੂਰਨ ਹਨ। ਇਸ ਦੇ ਨਾਲ ਉਨ੍ਹਾਂ ਨੇ ਫਾਇਨਾਂਸ਼ੀਅਲ ਪਲਾਨਿੰਗ, ਬਜਟ ਤਿਆਰੀ, ਨਗਦੀ ਪ੍ਰਬੰਧਨ ਤੇ ਲਾਭ-ਹਾਨੀ ਵਿਸ਼ਲੇਸ਼ਣ ਦੀ ਮਹੱਤਤਾ ‘ਤੇ ਵੀ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਸੁਚੱਜਾ ਵਿੱਤੀ ਪ੍ਰਬੰਧ ਕਿਸੇ ਵੀ ਉਦਮੀ ਯਤਨ ਦੀ ਸਫਲਤਾ ਲਈ ਬੁਨਿਆਦੀ ਅਧਾਰ ਹੁੰਦਾ ਹੈ। ਕਾਮਰਸ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਸਿਰਫ ਸਿਧਾਂਤਕ ਗਿਆਨ ਹੀ ਨਹੀਂ, ਸਗੋਂ ਪ੍ਰਯੋਗਿਕ ਸਮਝ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਵਿੱਤੀ ਸੂਝਬੂਝ ਤੇ ਸੰਸਾਧਨਾਂ ਦਾ ਸੁਚਾਰੂ ਪ੍ਰਬੰਧ ਵਿਦਿਆਰਥੀਆਂ ਨੂੰ ਭਵਿੱਖ ਵਿਚ ਕਾਮਯਾਬ ਉਦਮੀ ਬਣਨ ਲਈ ਤਿਆਰ ਕਰਦਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਹੁਨਰ-ਅਧਾਰਿਤ ਸਿੱਖਿਆ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਵੇਂ ਕਾਰੋਬਾਰੀ ਵਿਚਾਰਾਂ ਨਾਲ ਅੱਗੇ ਵਧਣ ਤੇ ਵਿੱਤੀ ਪ੍ਰਬੰਧਨ ਦੀ ਸਹੀ ਜਾਣਕਾਰੀ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ। ਵਰਕਸ਼ਾਪ ਦੇ ਅੰਤ ਵਿਚ ਪ੍ਰਸ਼ਨ-ਉੱਤਰ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਪੂੰਜੀ ਇਕੱਠੀ ਕਰਨ ਤੇ ਵਿੱਤੀ ਪ੍ਰਬੰਧ ਨਾਲ ਸਬੰਧਤ ਕਈ ਪ੍ਰਸ਼ਨ ਪੁੱਛੇ ਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਪ੍ਰੋਗਰਾਮ ਵਿਚ ਕਾਲਜ ਦਾ ਸਮੂਹ ਸਟਾਫ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।