ਭਾਜਪਾ ਦਫ਼ਤਰ ’ਤੇ ਹੋਏ ਹਮਲੇ ਤੋਂ ਵਰਕਰ ਡਰਨ ਵਾਲੇ ਨਹੀਂ : ਸ਼ਾਰਦਾ
ਭਾਜਪਾ ਦਫ਼ਤਰ ਤੇ ਹੋਏ ਹਮਲੇ ਤੋਂ ਵਰਕਰ ਡਰਨ ਵਾਲੇ ਨਹੀਂ-ਸ਼ਾਰਦਾ
Publish Date: Sat, 04 Apr 2026 08:43 PM (IST)
Updated Date: Sat, 04 Apr 2026 08:46 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫਤਰ ’ਤੇ ਹੋਏ ਗ੍ਰਨੇਡ ਹਮਲੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਭਾਜਪਾ ਸੂਬਾ ਕਾਰਜਕਾਰਣੀ ਦੇ ਮੈਂਬਰ ਉਮੇਸ਼ ਸ਼ਾਰਦਾ ਨੇ ਕਿਹਾ ਕਿ ਅਜਿਹੀਆਂ ਘਿਣਾਉਣੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਵਿਰੋਧੀ ਪਾਰਟੀਆਂ ਪੰਜਾਬ ’ਚ ਭਾਜਪਾ ਨੂੰ ਮਿਲ ਰਹੇ ਸਮਰਥਨ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਸਾਮ-ਦਾਮ, ਦੰਡ-ਭੇਦ ਦਾ ਦਿੱਤਾ ਫਾਰਮੂਲਾ ਪੰਜਾਬ ਵਿਚ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਆਪ ਨੂੰ ਸਿਰਫ ਭਾਜਪਾ ਤੋਂ ਖਤਰਾ ਹੈ, ਇਸ ਕਾਰਨ ਭਾਜਪਾ ਵਰਕਰਾਂ ਨੂੰ ਡਰਾਉਣ ਲਈ ਇਹ ਹਮਲਾ ਇਕ ਸਾਜਿਸ਼ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ ’ਚ ਲਗਾਤਾਰ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ। ਹਿੰਸਾ ਜਾਂ ਡਰਾਉਣ-ਧਮਕਾਉਣ ਦੀ ਘਟਨਾ ਦੀ ਵੀਡੀਓ ਦਾ ਹਵਾਲਾ ਦਿੰਦਿਆਂ ਸ਼ਾਰਦਾ ਨੇ ਕਿਹਾ ਕਿ ਤਸਵੀਰਾਂ ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਭਾਜਪਾ ਦਫਤਰ ’ਤੇ ਗ੍ਰਨੇਡ ਸੁੱਟ ਰਿਹਾ ਹੈ, ਜੋ ਕਿ ਬੇਹੱਦ ਚਿੰਤਾਜਨਕ ਸੰਵੇਦਨਸ਼ੀਲ ਮਾਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਜਲਦੀ ਤੋਂ ਜਲਦੀ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਇਨਸਾਫ ਦੇ ਕਟਹਿਰੇ ਵਿਚ ਲਿਆਂਦਾ ਜਾਵੇ। ਸ਼ਾਰਦਾ ਨੇ ਅੱਗੇ ਕਿਹਾ ਕਿ ਇਹ ਹਮਲਾ ਭਾਜਪਾ ਵਰਕਰਾਂ ਨੂੰ ਡਰਾਉਣ ਦੀ ਕੋਸ਼ਿਸ ਸੀ ਪਰ ਅਜਿਹੀਆਂ ਚਾਲਾਂ ਉਨ੍ਹਾਂ ਦੀ ਵਚਨਬੱਧਤਾ ਤੇ ਸਮਰਪਣ ਨੂੰ ਘੱਟ ਨਹੀਂ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਲੋਕਾਂ ਦੀ ਸੇਵਾ ਕਰਨ ਲਈ ਨਿਡਰ ਤੇ ਦ੍ਰਿੜ ਹਨ। ਉਨ੍ਹਾਂ ਰਾਜ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਡਰਨ ਵਾਲੇ ਨਹੀਂ। ਪਾਰਟੀ ਦਾ ਇਤਿਹਾਸ ਹਮੇਸ਼ਾ ਹੀ ਬਲੀਦਾਨ ਵਾਲਾ ਰਿਹਾ ਹੈ। ਭਾਜਪਾ ਦੇ ਲੱਖਾ ਵਰਕਰਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਖੂਨ ਵਹਾਇਆ ਹੈ। ਰਾਮ ਮੰਦਿਰ ਅੰਦੋਲਨ ਦੌਰਾਨ ਭਾਜਪਾ ਵਰਕਰਾਂ ਨੇ ਬਲੀਦਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ, ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਭਾਜਪਾ ਵਰਕਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਮਲਿਆਂ ਨਾਲ ਪੰਜਾਬ ਦਾ ਵਪਾਰ ਤੇ ਉਦਯੋਗ ਪ੍ਰਭਾਵਿਤ ਹੁੰਦਾ ਹੈ। ਪੰਜਾਬ ਵਿਚ ਇਨਵੈਸਟਮੈਂਟ ਰੁਕਦੀ ਹੈ ਤੇ ਉਦਯੋਗਪਤੀ ਆਪਣੇ ਉਦਯੋਗ ਪੰਜਾਬ ਤੋਂ ਬਾਹਰ ਕਰਨ ਲਈ ਮਜਬੂਰ ਹੁੰਦੇ ਹਨ।